ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਨਾਲ-ਨਾਲ ਸੰਗੀਤਕ ਖੇਤਰ ਵਿੱਚ ਵੀ ਇੰਨੀਂ ਦਿਨੀਂ ਵੰਨ-ਸਵੰਨਤਾ ਭਰੀ ਗਾਇਕੀ ਦੇ ਕਈ ਰੰਗ ਵੇਖਣ ਨੂੰ ਮਿਲ ਰਹੇ ਹਨ, ਜਿਸ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ ਪੁਰਾਣੇ ਅਤੇ ਨਵੇਂ ਦੌਰ ਦੇ ਦੋ ਗਾਇਕ ਅੰਮ੍ਰਿਤਾ ਵਿਰਕ ਅਤੇ ਆਰ ਨੇਤ, ਜੋ ਅਪਣੇ ਇਕ ਖਾਸ ਗਾਣੇ 'ਰੂਹ' ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਬਿਹਤਰੀਨ ਗਾਇਨ ਜੁਗਲਬੰਦੀ ਦਾ ਇਜ਼ਹਾਰ ਕਰਵਾਉਂਦਾ ਇਹ ਡਿਊਟ ਗਾਇਕ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਆਰ ਨੇਤ ਮਿਊਜ਼ਿਕ' ਅਤੇ 'ਆਰ ਚੇਤ ਸ਼ਰਮਾ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਖ਼ੂਬਸੂਰਤ ਗਾਣੇ ਨੂੰ ਆਵਾਜ਼ਾਂ ਅੰਮ੍ਰਿਤਾ ਵਿਰਕ ਅਤੇ ਆਰ ਨੇਤ ਨੇ ਦਿੱਤੀਆਂ ਹਨ, ਜਦਕਿ ਇਸ ਦਾ ਦਿਲ-ਟੁੰਬਵਾਂ ਸੰਗੀਤ ਮੈਟਮਿਕਸ ਦੁਆਰਾ ਤਿਆਰ ਕੀਤਾ ਗਿਆ ਹੈ।
ਸੰਗੀਤਕ ਅਤੇ ਗਾਇਨ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾ ਰਹੇ ਉਕਤ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਆਰ ਨੇਤ ਨੇ ਖੁਦ ਕੀਤੀ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ 10 ਸਤੰਬਰ ਨੂੰ ਵੱਡੇ ਪੱਧਰ ਉਤੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ 'ਟਰੂ ਮੇਕਰਜ਼' ਵੱਲੋਂ ਕੀਤੀ ਗਈ ਹੈ ਜਿੰਨ੍ਹਾਂ ਵੱਲੋਂ ਬੇਹੱਦ ਉੱਚ ਪੱਧਰੀ ਮਾਪਦੰਡਾਂ ਅਧੀਨ ਇਸ ਦਾ ਫਿਲਮਾਂਕਣ ਕੀਤਾ ਗਿਆ ਹੈ।