ਮੁੰਬਈ: ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਅਮੀਰ ਅਤੇ ਸਫਲ ਸਿਤਾਰਿਆਂ 'ਚੋਂ ਇੱਕ ਹਨ। ਅਕਸ਼ੈ ਕੁਮਾਰ ਬਾਲੀਵੁੱਡ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਫਿਲਮਾਂ ਕਰਨ ਵਾਲੇ ਸਟਾਰ ਹਨ। ਅਕਸ਼ੈ ਹਮੇਸ਼ਾ ਸ਼ੂਟਿੰਗ 'ਚ ਰੁੱਝੇ ਰਹਿੰਦੇ ਹਨ। ਇਸ ਦੇ ਨਾਲ ਹੀ ਜਦੋਂ ਸ਼ੂਟਿੰਗ ਤੋਂ ਕੁਝ ਸਮਾਂ ਮਿਲਦਾ ਹੈ ਤਾਂ ਅਦਾਕਾਰ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਨਹੀਂ ਭੁੱਲਦਾ।
ਅਕਸ਼ੈ ਕੁਮਾਰ ਹੁਣ ਆਪਣੀ ਕੋਰਟਰੂਮ ਡਰਾਮਾ ਫਿਲਮ ਜੌਲੀ ਐਲਐਲਬੀ 3 ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇੱਕ ਸ਼ੋਅ ਵਿੱਚ ਅਕਸ਼ੈ ਕੁਮਾਰ ਨੇ ਆਪਣੇ ਬੇਟੇ ਆਰਵ ਬਾਰੇ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਹਨ।
ਜੀ ਹਾਂ...ਅਕਸ਼ੈ ਕੁਮਾਰ ਦਾ ਬੇਟਾ ਆਰਵ ਸ਼ਾਹਰੁਖ ਖਾਨ, ਆਮਿਰ ਖਾਨ ਅਤੇ ਸੈਫ ਅਲੀ ਖਾਨ ਦੇ ਪੁੱਤਰਾਂ ਵਾਂਗ ਅਦਾਕਾਰ ਬਣਨ ਦਾ ਸੁਪਨਾ ਨਹੀਂ ਦੇਖਦਾ। ਅਕਸ਼ੈ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਸਾਦਾ ਹੈ ਅਤੇ ਅਕਸ਼ੈ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਬੇਟਾ ਵਿਦੇਸ਼ ਜਾਵੇ। ਅਕਸ਼ੈ ਕੁਮਾਰ ਨੇ ਕ੍ਰਿਕਟਰ ਸ਼ਿਖਰ ਧਵਨ ਦੇ ਨਵੇਂ ਟਾਕ ਸ਼ੋਅ 'ਧਵਨ ਕਰੇਂਗੇ' 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ।
15 ਸਾਲ ਦੀ ਉਮਰ 'ਚ ਛੱਡਿਆ ਘਰ:ਅਕਸ਼ੈ ਨੇ ਸ਼ੋਅ 'ਚ ਦੱਸਿਆ ਹੈ ਕਿ ਉਨ੍ਹਾਂ ਦਾ ਬੇਟਾ 15 ਸਾਲ ਦੀ ਉਮਰ 'ਚ ਘਰ ਛੱਡ ਗਿਆ ਸੀ ਅਤੇ ਉਹ ਲੰਡਨ 'ਚ ਪੜ੍ਹ ਰਿਹਾ ਹੈ। ਅਕਸ਼ੈ ਨੇ ਦੱਸਿਆ, 'ਮੇਰਾ ਬੇਟਾ ਆਰਵ ਥੋੜ੍ਹਾ ਵੱਖਰਾ ਹੈ, ਉਹ ਪੜ੍ਹਨ ਦਾ ਸ਼ੌਕੀਨ ਹੈ ਅਤੇ ਅਲੱਗ ਰਹਿਣਾ ਪਸੰਦ ਕਰਦਾ ਹੈ, ਆਰਵ ਬਾਹਰ ਪੜ੍ਹ ਰਿਹਾ ਹੈ ਅਤੇ ਇਹ ਉਸਦਾ ਫੈਸਲਾ ਹੈ, ਹਾਲਾਂਕਿ ਮੈਂ ਨਹੀਂ ਚਾਹੁੰਦਾ ਸੀ, ਪਰ ਮੈਂ ਉਸਨੂੰ ਰੋਕ ਨਹੀਂ ਸਕਿਆ। ਉਹ ਬਾਲੀਵੁੱਡ ਵਿੱਚ ਨਹੀਂ ਆਉਣਾ ਚਾਹੁੰਦਾ ਹੈ।'
ਅਕਸ਼ੈ ਕੁਮਾਰ ਨੇ ਦੱਸਿਆ ਹੈ ਕਿ 'ਲੰਡਨ 'ਚ ਰਹਿੰਦਿਆਂ ਮੇਰਾ ਬੇਟਾ ਆਪਣੇ ਕੱਪੜੇ ਖੁਦ ਹੀ ਧੋਂਦਾ ਹੈ, ਆਪਣਾ ਖਾਣਾ ਖੁਦ ਬਣਾਉਂਦਾ ਹੈ, ਭਾਂਡੇ ਖੁਦ ਧੋਂਦਾ ਹੈ। ਉਹ ਮਹਿੰਗੇ ਕੱਪੜੇ ਨਹੀਂ ਸਗੋਂ ਸੈਕਿੰਡ ਹੈਂਡ ਸਟੋਰਾਂ ਤੋਂ ਖਰੀਦਦਾ ਹੈ, ਕਿਉਂਕਿ ਉਹ ਪੈਸਾ ਬਰਬਾਦ ਕਰਨਾ ਪਸੰਦ ਨਹੀਂ ਕਰਦਾ।'
ਤੁਹਾਨੂੰ ਦੱਸ ਦੇਈਏ ਕਿ ਇੱਥੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ, ਸੈਫ ਅਲੀ ਖਾਨ, ਆਮਿਰ ਖਾਨ ਦੇ ਬੱਚੇ ਆਪਣੇ ਬਾਲੀਵੁੱਡ ਡੈਬਿਊ ਦੀ ਤਿਆਰੀ ਕਰ ਰਹੇ ਹਨ। ਸੈਫ ਦੇ ਬੇਟੇ ਇਬਰਾਹਿਮ ਅਲੀ ਖਾਨ, ਸ਼ਾਹਰੁਖ ਖਾਨ ਦੇ ਬੱਚੇ ਸੁਹਾਨਾ ਖਾਨ ਅਤੇ ਆਰੀਅਨ ਖਾਨ, ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਹੁਤ ਜਲਦ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ।