ਫਰੀਦਕੋਟ: ਪੰਜਾਬੀ ਸਿਨੇਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਹੀ ਅਦਾਕਾਰਾ ਰਾਜਵੀਰ ਕੌਰ ਹੁਣ ਰਿਲੀਜ਼ ਹੋਣ ਜਾ ਰਹੀ ਆਪਣੀ ਨਵੀਂ ਪੰਜਾਬੀ ਫਿਲਮ 'ਰੋਡੇ ਕਾਲਜ' ਨੂੰ ਲੈ ਕੇ ਇੰਨੀ ਦਿਨੀ ਮੁੜ ਸੁਰਖੀਆਂ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਅਦਾਕਾਰਾ ਰਾਜਵੀਰ ਕੌਰ ਇਸ ਅਰਥ-ਭਰਪੂਰ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਰਾਜਸ਼ੂ ਫ਼ਿਲਮਜ, ਸਟੂਡਿਓ ਆਰਟ ਸੋਰਸ ਵੱਲੋਂ ਤਹਿਜ਼ੀਬ ਫ਼ਿਲਮਜ ਅਤੇ ਬਲਕਾਰ ਮੋਸ਼ਨਜ ਪਿਕਚਰਜ਼ ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਹੈਪੀ ਰੋਡੇ ਵੱਲੋ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਥਾਨਾ ਸਦਰ ਦਾ ਲੇਖਣ ਵੀ ਕਰ ਚੁੱਕੇ ਹਨ।
ਸਟੂਡੈਂਟ ਪੋਲਟਿਕਸ ਅਤੇ ਸਿੱਖਿਆ ਖੇਤਰ ਵਿੱਚ ਜੜਾਂ ਡੂੰਘੀਆਂ ਕਰ ਚੁੱਕੇ ਰਾਜਨੀਤਿਕ ਢਾਂਚੇ 'ਤੇ ਕੇਂਦਰਿਤ ਇਸ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ, ਤਾਂ ਇਸ ਵਿੱਚ ਯੋਗਰਾਜ ਸਿੰਘ, ਮਾਨਵ ਵਿਜ, ਇਸ਼ਾ ਰਿੱਖੀ, ਸ਼ਵਿੰਦਰ ਵਿੱਕੀ, ਬਲਵਿੰਦਰ ਧਾਲੀਵਾਲ, ਕਵੀ ਸਿੰਘ, ਰਾਜ ਜੋਧਾਂ ਅਤੇ ਰਾਹੁਲ ਜੇਟਲੀ, ਰਾਹੁਲ ਜੁਗਰਾਲ ਲੀਡਿੰਗ ਕਿਰਦਾਰ 'ਚ ਨਜ਼ਰ ਆਉਣਗੇ। ਇੰਨਾਂ ਤੋਂ ਇਲਾਵਾ ਕਲਾ ਖੇਤਰ ਨਾਲ ਜੁੜੇ ਕਈ ਉਭਰਦੇ ਚਿਹਰਿਆਂ ਨੂੰ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿੰਨਾਂ ਵਿੱਚ ਧਨਵੀਰ ਸਿੰਘ, ਅਰਵਿੰਦਰ ਕੌਰ, ਵਿਸ਼ਾਲ ਬਰਾੜ, ਮਨਪ੍ਰੀਤ ਡੋਲੀ, ਰਾਜਵੀਰ ਕੌਰ ਸ਼ਾਮਲ ਹਨ, ਜੋ ਇਸ ਅਲਹਦਾ ਕੰਟੈਂਟ ਅਤੇ ਰਿਅਲਸਿਟਕ 'ਤੇ ਆਧਾਰਿਤ ਫਿਲਮ ਦੁਆਰਾ ਪੰਜਾਬੀ ਸਿਨੇਮਾਂ ਖਿੱਤੇ 'ਚ ਅਪਣੇ ਨਵੇਂ ਅਤੇ ਪ੍ਰਭਾਵੀ ਸਫ਼ਰ ਦਾ ਆਗਾਜ਼ ਕਰਨਗੇ।