ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਕਵੀ ਰਾਜ ਦੁਆਰਾ ਨਿਰਦੇਸ਼ਿਤ 'ਸਰਾਭਾ' ਨਾਲ ਇੰਨੀਂ-ਦਿਨੀਂ ਮੁੜ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਅਦਾਕਾਰਾ ਜਸਪਿੰਦਰ ਚੀਮਾ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਆਫ ਬੀਟ ਪ੍ਰੋਜੈਕਟਾਂ ਵਿੱਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਏਗੀ।
ਮਹਾਨ ਸੂਰਵੀਰ ਰਹੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ, ਸੰਘਰਸ਼ ਅਤੇ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਵੱਲੋਂ ਪਾਏ ਸੰਘਰਸ਼ ਨੂੰ ਪ੍ਰਤੀਬਿੰਬ ਕਰਦੀ ਉਕਤ ਫਿਲਮ ਵਿੱਚ ਗੁਲਾਬ ਕੌਰ ਦਾ ਕਿਰਦਾਰ ਨਿਭਾ ਫਿਲਮੀ ਗਲਿਆਰਿਆਂ ਵਿੱਚ ਮੁੜ ਆਪਣੀ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫਲ ਰਹੀ ਹੈ ਬਿਹਤਰੀਨ ਅਦਾਕਾਰਾ ਜਸਪਿੰਦਰ ਚੀਮਾ, ਜਿੰਨ੍ਹਾਂ ਅਨੁਸਾਰ ਦੇਸ਼-ਪ੍ਰੇਮ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਹਿੱਸਾ ਬਣਨਾ ਅਤੇ ਇੱਕ ਮਹੱਤਵਪੂਰਨ ਰਹੀ ਸ਼ਖਸ਼ੀਅਤ ਦਾ ਕਿਰਦਾਰ ਅਦਾ ਕਰਨਾ ਉਨ੍ਹਾਂ ਦੇ ਲਈ ਬੇਹੱਦ ਮਾਣ ਵਾਲੀ ਗੱਲ ਰਹੀ ਹੈ, ਜਿਸ ਦੇ ਮੱਦੇਨਜ਼ਰ ਉਸ ਨੂੰ ਦਰਸ਼ਕਾਂ ਦਾ ਜੋ ਪਿਆਰ-ਸਨੇਹ ਮਿਲ ਰਿਹਾ ਹੈ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਲਾਗਲੇ ਇਤਿਹਾਸਿਕ ਅਤੇ ਧਾਰਮਿਕ ਨਗਰ ਬਟਾਲਾ ਨਾਲ ਸੰਬੰਧਿਤ ਹੈ ਇਹ ਬਾਕਮਾਲ ਅਦਾਕਾਰਾ, ਜਿੰਨ੍ਹਾਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਰੰਗਮੰਚ ਤੋਂ ਕੀਤਾ, ਜਿਸ ਦੌਰਾਨ ਉਨ੍ਹਾਂ ਥੀਏਟਰ ਜਗਤ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਦੀ ਰਹਿਨੁਮਾਈ ਅਤੇ ਨਿਰਦੇਸ਼ਨਾਂ ਹੇਠ ਅਦਾਕਾਰੀ ਕਰਨ ਦਾ ਅਨੁਭਵ ਹਾਸਲ ਕੀਤਾ, ਜਿਸ ਸੰਬੰਧੀ ਅਪਣੇ ਸੰਘਰਸ਼ੀ ਪੜਾਅ ਵੱਲ ਨਜ਼ਰਸਾਨੀ ਕਰਵਾਉਂਦਿਆਂ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੇ ਦੱਸਿਆ "ਅਦਾਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ, ਜਿਸ ਨੂੰ ਅਸਲ ਪ੍ਰਪੱਕਤਾ ਸਕੂਲ ਅਤੇ ਕਾਲਜ ਪੜਾਈ ਦੌਰਾਨ ਮਿਲੀ, ਜਿਸ ਦੌਰਾਨ ਯੂਥ ਫੈਸਟੀਵਲ, ਪਲੇਅ ਆਦਿ ਦਾ ਹਿੱਸਾ ਬਨਣਾ ਹਮੇਸ਼ਾ ਪਹਿਲੀ ਤਰਜ਼ੀਹ ਵਿੱਚ ਰਹਿੰਦਾ ਸੀ, ਹਾਲਾਂਕਿ ਇਸ ਦੇ ਨਾਲ-ਨਾਲ ਪੜਾਈ ਨੂੰ ਵੀ ਕਦੇ ਨਜ਼ਰ-ਅੰਦਾਜ਼ ਨਹੀਂ ਕੀਤਾ ਅਤੇ ਹਰ ਵਾਰ ਅੱਵਲ ਨਤੀਜਿਆਂ ਨਾਲ ਹੀ ਮਾਪਿਆਂ ਦਾ ਮਾਣ ਵੀ ਵਧਾਉਂਦੀ ਰਹੀ ਹਾਂ, ਜਿਸ ਦਾ ਨਤੀਜਾ ਇਹ ਰਿਹਾ ਕਿ ਮਾਤਾ ਪਿਤਾ ਨੇ ਵੀ ਮੇਰੀਆਂ ਕਲਾ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੀਆਂ ਆਸ਼ਾਵਾਂ ਨੂੰ ਕਦੇ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹਰ ਕਦਮ 'ਤੇ ਭਰਪੂਰ ਹੌਂਸਲੇ ਨਾਲ ਨਿਵਾਜਿਆ, ਜਿਸ ਸਦਕਾ ਹੀ ਇਸ ਖਿੱਤੇ ਵਿੱਚ ਅਪਣੇ ਸੁਫਨਿਆਂ ਨੂੰ ਤਾਬੀਰ ਦੇ ਸਕੀ ਹਾਂ।"