ਚੰਡੀਗੜ੍ਹ: ਥੀਏਟਰ ਦੀ ਦੁਨੀਆ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਅਤੇ ਸ਼ਖਸ਼ੀਅਤਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਸੁਦੇਸ਼ ਵਿੰਕਲ, ਜੋ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ।
ਹਾਲ ਹੀ ਵਿੱਚ ਸਾਹਮਣੇ ਆਏ ਅਪਣੇ ਕਈ ਪ੍ਰੋਜੈਕਟਸ ਦੁਆਰਾ ਅਪਣੀ ਨਾਯਾਬ ਅਦਾਕਾਰੀ ਸਮਰੱਥਾ ਦਾ ਲੋਹਾ ਮੰਨਵਾ ਚੁੱਕੇ ਇਹ ਬਿਹਤਰੀਨ ਐਕਟਰ ਰੰਗਮੰਚ ਦੇ ਖੇਤਰ ਵਿੱਚ ਬਰਾਬਰਤਾ ਨਾਲ ਸਰਗਰਮ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀਆਂ ਅਪਣੀ ਇਸ ਅਸਲ ਕਰਮਭੂਮੀ ਵਿੱਚ ਜਾਰੀ ਗਤੀਵਿਧੀਆਂ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਨਾਟਕ 'ਸਾਂਝਾ ਟੱਬਰ', ਜਿਸ ਦਾ ਦੋ ਰੋਜ਼ਾਂ ਪ੍ਰਸਤੁਤੀਕਰਨ 15 ਅਤੇ 16 ਜੂਨ ਨੂੰ ਪੰਜਾਬ ਨਾਟਸ਼ਾਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਜਾਵੇਗਾ।
'ਅਲਫਾਜ਼ ਐਕਟਿੰਗ ਅਕਾਦਮੀ' ਵੱਲੋਂ ਪੰਜਾਬ ਨਾਟਸ਼ਾਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਹਿਯੋਗ ਨਾਲ ਮੰਚਿਤ ਕੀਤੇ ਜਾ ਰਹੇ ਇਸ ਨਾਟਕ ਦੀ ਪੇਸ਼ਕਾਰੀ ਦੋਨੋਂ ਰੋਜ਼ ਸ਼ਾਮ 6:30 ਦੇ ਸਮੇਂ ਅਨੁਸਾਰ ਕੀਤੀ ਜਾਵੇਗੀ।
ਪੁਰਾਤਨ ਪੰਜਾਬ ਦਾ ਅਟੁੱਟ ਹਿੱਸਾ ਮੰਨੇ ਜਾਂਦੇ ਰਹੇ ਸੁਯੰਕਤ ਪਰਿਵਾਰਾਂ ਦੀ ਮੌਜੂਦਾ ਦੌਰ ਵਿੱਚ ਪੂਰੀ ਤਰ੍ਹਾਂ ਅਸਰ ਗਵਾ ਚੁੱਕੀ ਮਹੱਤਤਾ ਨੂੰ ਭਾਵਪੂਰਨ ਅਤੇ ਦਿਲਚਸਪ ਰੂਪ ਵਿੱਚ ਪ੍ਰਤੀਬਿੰਬ ਕਰਦੇ ਉਕਤ ਨਾਟਕ ਦਾ ਲੇਖਨ ਅਤੇ ਨਿਰਦੇਸ਼ਨ ਸੁਦੇਸ਼ ਵਿੰਕਲ ਵੱਲੋਂ ਹੀ ਕੀਤਾ ਜਾਵੇਗਾ, ਜੋ ਇਸ ਪਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਵੀ ਵਿਖਾਈ ਦੇਣਗੇ।
ਟੈਲੀਵਿਜ਼ਨ ਦੀ ਦੁਨੀਆ ਦੇ ਦਿੱਗਜ ਕਲਾਕਾਰ ਅਤੇ ਕਾਮੇਡੀ ਕਿੰਗ ਸੁਰਿੰਦਰ ਫਰਿਸ਼ਤਾ ਉਰਫ਼ ਘੁੱਲੇਸ਼ਾਹ ਦੇ ਹੋਣਹਾਰ ਬੇਟੇ ਸੁਦੇਸ਼ ਵਿੰਕਲ ਅਪਣੇ ਪਿਤਾ ਨੂੰ ਅਪਣਾ ਆਈਡੀਅਲ ਮੰਨਦੇ ਹਨ, ਹਾਲਾਂਕਿ ਕਰੀਅਰ ਪ੍ਰਾਪਤੀਆਂ ਲਈ ਉਨ੍ਹਾਂ ਕਦੇ ਅਪਣੇ ਪਿਤਾ ਦੇ ਨਾਂਅ ਦਾ ਸਹਾਰਾ ਲੈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਸੰਬੰਧੀ ਅਪਣਾਈ ਸੋਚ ਅਤੇ ਮਾਪਦੰਢਾਂ ਦੀ ਬਦੌਲਤ ਉਹ ਦੇਰ ਨਾਲ ਹੀ ਸਹੀ, ਪਰ ਅੱਜ ਕਲਾ ਜਗਤ ਵਿੱਚ ਨਿਵੇਕਲੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ।
ਹਾਲੀਆ ਸਮੇਂ ਪੀਟੀਸੀ ਪੰਜਾਬੀ ਦੇ ਚਰਚਿਤ ਸੀਰੀਅਲ 'ਵੰਗਾਂ' ਅਤੇ ਪੰਜਾਬੀ ਫਿਲਮ 'ਗੁੜੀਆ' ਦਾ ਪ੍ਰਭਾਵੀ ਹਿੱਸਾ ਬਣ ਉਭਰੇ ਇਹ ਸ਼ਾਨਦਾਰ ਐਕਟਰ ਆਉਣ ਵਾਲੇ ਦਿਨਾਂ 'ਚ ਕਈ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਵਿੱਚ ਜੌਨ ਅਬ੍ਰਾਹਮ ਸਟਾਰਰ ਬਿੱਗ ਸੈਟਅੱਪ ਹਿੰਦੀ ਫਿਲਮ 'ਦਿ ਡਿਪਲੋਮੈਟ' ਵੀ ਸ਼ਾਮਿਲ ਹੈ।