ਚੰਡੀਗੜ੍ਹ: ਗਾਇਕ ਤੋਂ ਅਦਾਕਾਰ ਬਣੇ ਦਿਲਜੀਤ ਦੁਸਾਂਝ ਆਪਣੀ ਨਵੀਂ ਫਿਲਮ 'ਅਮਰ ਸਿੰਘ ਚਮਕੀਲਾ' ਦੀ ਸਫਲਤਾ 'ਤੇ ਸਵਾਰ ਹਨ। ਹੁਣ ਇਸ ਗਾਇਕ ਨੇ ਲਾਈਵ ਪ੍ਰਦਰਸ਼ਨ ਨਾਲ ਕੈਨੇਡਾ ਵਿੱਚ ਹਲਚਲ ਮਚਾ ਦਿੱਤੀ ਹੈ। ਜੀ ਹਾਂ...ਮੁੰਬਈ 'ਚ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਤੋਂ ਬਾਅਦ ਦਿਲਜੀਤ ਦੁਸਾਂਝ ਨੇ ਕੈਨੇਡਾ 'ਚ ਆਪਣੀ ਲਾਈਵ ਪਰਫਾਰਮੈਂਸ ਨਾਲ ਹਲਚਲ ਮਚਾ ਦਿੱਤੀ ਹੈ। ਉਹਨਾਂ ਦੇ ਵੈਨਕੂਵਰ ਟੂਰ ਦਿਲ-ਲੁਮਿਨਾਤੀ ਨੇ ਸ਼ਨੀਵਾਰ ਨੂੰ ਬੀਸੀ ਪਲੇਸ ਸਟੇਡੀਅਮ ਨੂੰ ਰੌਸ਼ਨ ਕੀਤਾ। ਦਿਲਜੀਤ ਨੇ 54,000 ਤੋਂ ਵੱਧ ਦੀ ਭੀੜ ਦੇ ਸਾਹਮਣੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਹੁਣ ਗਾਇਕ ਦੇ ਇਸ ਸ਼ੋਅ ਤੋਂ ਬਾਅਦ ਕਈ ਪੰਜਾਬੀ ਸਿਤਾਰੇ ਗਾਇਕ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ, ਇਸ ਲਿਸਟ ਵਿੱਚ ਪੰਜਾਬੀ ਅਦਾਕਾਰ ਰਾਣਾ ਰਣਬੀਰ ਦਾ ਨਾਂਅ ਵੀ ਜੁੜ ਗਿਆ ਹੈ। ਹਾਲ ਹੀ ਵਿੱਚ ਇਸ ਦਿੱਗਜ ਅਦਾਕਾਰ ਨੇ ਗਾਇਕ ਲਈ ਇੱਕ ਖਾਸ ਪੋਸਟ ਸਾਂਝੀ ਅਤੇ ਲਿਖਿਆ, 'ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਦੁਸਾਂਝ ਵਾਲੇ ਦਿਲਜੀਤ ਦੀ ਰਾਸ਼ੀ, ਜਾਤ ਅਤੇ ਧਰਮ ਕੀ ਹੈ। ਦਿਲਜੀਤ ਦੀ ਰਾਸ਼ੀ ਸਟੇਜ ਹੈ, ਜਾਤ ਕਲਾਕਾਰੀ ਹੈ ਅਤੇ ਧਰਮ ਉਸਦਾ ਮੁਹੱਬਤ ਹੀ ਹੈ।'
'ਪੋਸਤੀ' ਅਦਾਕਾਰ ਨੇ ਅੱਗੇ ਲਿਖਿਆ, "ਉਹ ਆਖਦਾ ਹੈ ਕਿ ਮੈਂ 100 ਤੋਂ 0 ਵੱਲ ਜਾ ਰਿਹਾ। ਇਹ ਜੋ ਆਪਣੀ ਯਾਤਰਾ ਬਾਰੇ ਉਸਨੇ ਕਿਹਾ ਹੈ ਇਸਦੇ ਅਰਥ ਬਹੁਤ ਗਹਿਰੇ ਹਨ। ਇਹ ਹੈ ਮੁਹੱਬਤ 'ਚ ਮੁਹੱਬਤ ਹੋਏ ਦੀ ਪ੍ਰਾਪਤੀ। ਉਹ ਸਾਨੂੰ ਸਭ ਨੂੰ ਅਕਾਸ਼ 'ਚ ਖੜੇ ਹੋਣ ਦਾ ਅਹਿਸਾਸ ਕਰਵਾ ਕੇ ਆਪ ਧਰਤੀ ਉੱਤੇ ਮਸਤੀ ਦਾ ਨਾਚ ਕਰ ਰਿਹਾ ਹੈ। ਇੰਟਰਟੈਨਮੈਂਟ ਦੀ ਦੁਨੀਆ 'ਚ ਜੋ ਉਸਨੇ 27 ਅਪ੍ਰੈਲ ਦੀ ਰਾਤ ਨੂੰ ਬੀਸੀ ਸਟੇਡੀਅਮ ਵੈਨਕੂਵਰ ਵਿੱਚ ਇਤਿਹਾਸ ਰਚਿਆ ਹੈ, ਉਸਦੇ ਲਈ ਸਮੁੱਚੇ ਕਲਾ ਪ੍ਰੇਮੀਆਂ ਅਤੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈ। ਇਹ ਇਤਿਹਾਸ ਉਸਨੇ ਆਪਣੀ ਲਗਨ ਨਾਲ, ਜਿੱਦ ਨਾਲ ਅਤੇ ਕਲਾ ਦੇ ਸਿਰ ਉੱਤੇ ਸਿਰਜਿਆ ਹੈ।"
ਅਦਾਕਾਰ ਨੇ ਅੱਗੇ ਲਿਖਿਆ, "ਏਨੀ ਗਿਣਤੀ ਸਰੋਤਿਆਂ-ਦਰਸ਼ਕਾਂ ਦੀ ਮੈਂ ਪਹਿਲੀ ਵਾਰ ਵੇਖੀ। ਉਹ ਜਾਦੂ ਕਰਦਾ ਹੈ। ਉਹ ਦਰਸ਼ਕ ਦੀਆਂ ਅੱਖਾਂ, ਕੰਨਾਂ ਅਤੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ ਹੈ। ਉਹਦੇ ਸਿਰ 'ਚ ਬਾਦਸ਼ਾਹੀ ਹੈ। ਉਸਦੇ ਪੈਰਾਂ 'ਚ ਫਕੀਰੀ ਹੈ। ਉਹਦੇ ਲਹੂ 'ਚ ਹੌਂਸਲਾ ਹੈ। ਅਸੀਂ ਉਸ ਉੱਤੇ ਜਿਨ੍ਹਾਂ ਫ਼ਖ਼ਰ ਕਰੀਏ ਘੱਟ ਹੈ। ਬਹੁਤ ਪਿਆਰ ਦੁਸਾਂਝ ਵਾਲੇ ਨੂੰ ਅਤੇ ਸ਼ਾਬਾਸ਼ੇ ਉਸਦੀ ਟੀਮ ਦੇ ਹਰ ਮੈਂਬਰ ਨੂੰ। ਬਹੁਤ ਮੁਹੱਬਤ ਲੱਖ ਦੁਆਵਾਂ ਉਮਰ ਵਡੇਰੀ ਹੋਵੇ। ਦਿਨ ਮਤਵਾਲੇ ਵਕਤ ਹੱਕ ਦਾ ਰਾਤ ਚੰਗੇਰੀ ਹੋਵੇ।"
ਉਲੇਖਯੋਗ ਹੈ ਕਿ ਅਦਾਕਾਰ-ਲੇਖਕ ਰਾਣਾ ਰਣਬੀਰ ਗਾਇਕ ਦਿਲਜੀਤ ਦੁਸਾਂਝ ਨਾਲ ਫਿਲਮ 'ਜੱਟ ਐਂਡ ਜੂਲੀਅਟ' ਵਿੱਚ ਨਜ਼ਰੀ ਪੈ ਚੁੱਕੇ ਹਨ, ਹੁਣ ਫਿਰ ਦੋਵਾਂ ਦੀ ਫਿਲਮ 'ਜੱਟ ਐਂਡ ਜੂਲੀਅਟ' ਦਾ ਸੀਕਵਲ ਆ ਰਿਹਾ ਹੈ। ਇਸ ਦੌਰਾਨ ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨੈੱਟਫਲਿਕਸ 'ਤੇ ਰਿਲੀਜ਼ ਹੋਈ ਦਿਲਜੀਤ ਦੀ ਅਮਰ ਸਿੰਘ ਚਮਕੀਲਾ ਕਾਫੀ ਤਾਰੀਫ ਹਾਸਲ ਕਰ ਰਹੀ ਹੈ, ਇਹ ਫਿਲਮ ਮਾਰੇ ਗਏ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਹੈ। ਦਿਲਜੀਤ ਤੋਂ ਇਲਾਵਾ ਫਿਲਮ 'ਚ ਪਰਿਣੀਤੀ ਚੋਪੜਾ ਵੀ ਹੈ, ਜੋ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ।