ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਅੱਜ ਵੱਡੇ ਅਤੇ ਚਰਚਿਤ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਿੰਨ੍ਹਾਂ ਦੇ ਸੰਘਰਸ਼ੀ ਪੜਾਅ ਵੱਲ ਨਜ਼ਰ ਮਾਰੀਏ ਤਾਂ ਕਈ ਦਿਲਚਸਪ ਅਤੇ ਭਾਵਪੂਰਨ ਮੰਜ਼ਰ ਫਿਲਮੀ ਸੀਨਾਂ ਵਾਂਗ ਨਜ਼ਰਾਂ ਮੂਹਰੇ ਰੂਪਮਾਨ ਹੋਣ ਲੱਗ ਜਾਂਦੇ ਹਨ, ਸੋ ਅੱਜ ਇਸੇ ਬਿਹਤਰੀਨ ਅਦਾਕਾਰ ਦੇ ਮੁੱਢਲੇ ਜੀਵਨ ਅਤੇ ਸੰਘਰਸ਼ਪੂਰਨ ਰਹੇ ਵੱਖ-ਵੱਖ ਪੜਾਵਾਂ ਅਤੇ ਅਤੀਤ ਦੇ ਅੱਧਖੁੱਲ੍ਹੇ ਪੰਨਿਆਂ ਵੱਲ ਆਓ ਮਾਰਦੇ ਹਾਂ ਇੱਕ ਝਾਤ:
ਸਿਵਿਆਂ 'ਚ ਬਹਿ ਲੇਖਣੀ ਅਤੇ ਅਦਾਕਾਰੀ ਕਲਾ ਨੂੰ ਦਿੱਤੀ ਪਰਪੱਕਤਾ
ਜ਼ਿਲ੍ਹਾ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰ ਬਚਪਨ ਸਮੇਂ ਤੋਂ ਬਹੁ-ਕਲਾਵਾਂ ਦਾ ਧਾਰਨੀ ਰਿਹਾ, ਜਿਸ ਅੰਦਰਲੀ ਕਲਾਵਾਂ ਨੂੰ ਪ੍ਰਪੱਕਤਾ ਦੇਣ ਵਿੱਚ ਕੋਟਕਪੂਰਾ ਦੇ ਸ਼ਾਂਤ ਮਾਹੌਲ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿੱਥੋਂ ਦੇ ਸਿਵਿਆਂ ਵਿੱਚ ਬਹਿ ਹੀ ਉਸ ਨੇ ਜ਼ਿੰਦਗੀ ਦੀਆਂ ਕਈ ਤਲਖ਼ ਹਕੀਕਤਾਂ ਨੂੰ ਸਮਝਿਆ ਅਤੇ ਜਾਣਿਆ, ਜਿਸ ਦੌਰਾਨ ਦੀ ਅੰਦਰੂਨੀ ਕਸ਼ਮਕਸ਼ ਨੇ ਅੱਗੇ ਜਾ ਕੇ ਉਸ ਨੂੰ ਆਹਲਾ ਅਦਾਕਾਰ ਦੇ ਤੌਰ ਮਾਨਸਿਕ ਮਜ਼ਬੂਤੀ ਦੇਣ ਵਿੱਚ ਕਾਫ਼ੀ ਮਦਦ ਕੀਤੀ।
ਨਾਟਕ ਵਿੱਚ ਬੋਲੇ ਇੱਕ ਡਾਇਲਾਗ਼ ਨੇ ਦਿਵਾਇਆ ਬੈਸਟ ਅਦਾਕਾਰ ਦਾ ਐਵਾਰਡ
ਬਤੌਰ ਰੰਗਕਰਮੀ ਅਪਣੇ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਪ੍ਰਿੰਸ ਕੰਵਲਜੀਤ ਸਿੰਘ ਦੇ ਇਸੇ ਸ਼ੁਰੂਆਤੀ ਸਫ਼ਰ ਦੌਰਾਨ (ਕਰੀਬ ਢਾਈ ਦਹਾਕੇ ਪਹਿਲਾਂ ਉਸ ਵੱਲੋਂ ਖੇਡੇ) ਅਤੇ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਵੱਲੋਂ ਲਿਖੇ ਨਾਟਕ 'ਗਰਦਿਸ਼' ਦਾ ਜ਼ਿਕਰ ਕਰਨਾ ਵੀ ਲਾਜ਼ਮੀ ਬਣਦਾ ਹੈ, ਜਿਸ ਦੇ ਇੱਕ ਦ੍ਰਿਸ਼ ਲਈ ਉਸ ਵੱਲੋਂ ਬੋਲੇ ਇੱਕ ਡਾਇਲਾਗ 'ਹਾਂ ਮਾਂ' ਨੇ ਉਸ ਦੀ ਝੋਲੀ ਬੈਸਟ ਐਕਟਰ ਵਜੋਂ ਪਹਿਲਾਂ ਮਾਣਮੱਤਾ ਐਵਾਰਡ ਝੋਲੀ ਪਾਉਣ ਵਿੱਚ ਅਹਿਮ ਭੂਮਿਕਾ ਨਿਭਾਈ।