ਚੰਡੀਗੜ੍ਹ:ਹਾਲੀਆਂ ਦਿਨੀਂ ਰਿਲੀਜ਼ ਹੋਈ ਪੰਜਾਬੀ ਲਘੂ ਫਿਲਮ 'ਉਡੀਕ' ਇੰਨੀਂ-ਦਿਨੀਂ ਚਾਰੇ-ਪਾਸੇ ਸਲਾਹੁਤਾ ਅਤੇ ਭਰਵਾਂ ਹੁੰਗਾਰਾ ਹਾਸਿਲ ਕਰ ਰਹੀ ਹੈ, ਜਿਸ ਵਿੱਚ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਪ੍ਰਵਾਸ ਕਰਨ ਵਾਲੇ ਪੰਜਾਬੀ ਨੌਜਵਾਨਾਂ ਦੀ ਗਾਥਾ ਨੂੰ ਬੇਹੱਦ ਦਿਲ-ਟੁੰਬਵੇਂ ਰੂਪ ਵਿੱਚ ਪ੍ਰਤੀਬਿੰਬ ਕੀਤਾ ਗਿਆ ਹੈ।
'ਲੈਗੇਸੀ ਆਰਟ ਰਿਕਾਰਡਜ਼' ਵੱਲੋਂ ਪੇਸ਼ ਕੀਤੀ ਗਈ ਇਸ ਅਰਥ-ਭਰਪੂਰ ਲਘੂ ਫਿਲਮ ਦਾ ਨਿਰਦੇਸ਼ਨ ਜੀਵਨਜੋਤ ਕੰਡਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਵਿੱਚ ਲੀਡ ਭੂਮਿਕਾ ਵੀ ਅਦਾ ਕੀਤੀ ਗਈ ਹੈ।
ਕੈਨੇਡਾ ਦੇ ਵਿਨੀਪੈਗ ਤੋਂ ਇਲਾਵਾ ਮਾਲਵਾ ਖਿੱਤੇ ਦੇ ਸੰਘੇੜਾ ਅਤੇ ਧੂੜਕੋਟ ਆਦਿ ਪਿੰਡਾਂ ਅਤੇ ਲਾਗਲੀਆਂ ਥਾਵਾਂ ਉਤੇ ਫਿਲਮਾਈ ਗਈ ਉਕਤ ਲਘੂ ਫਿਲਮ ਵਿੱਚ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਉਡੀਕ ਕਰਦੇ ਮਾਪਿਆਂ ਦੀ ਅਪਣੀ ਔਲਾਦ ਪ੍ਰਤੀ ਤੜਪ ਨੂੰ ਬਹੁਤ ਹੀ ਭਾਵਪੂਰਨ ਰੂਪ ਵਿੱਚ ਦਰਸਾਇਆ ਗਿਆ ਹੈ, ਜਿੰਨ੍ਹਾਂ ਦੀ ਇਹ ਤਾਂਘ ਇੱਕ ਦਿਨ ਕਦੇ ਨਾ ਖਤਮ ਹੋਣ ਵਾਲੀ ਉਡੀਕ ਵਿੱਚ ਕਿੰਝ ਵਿੱਚ ਬਦਲ ਜਾਂਦੀ ਹੈ, ਇਸੇ ਨੂੰ ਭਾਵਪੂਰਨ ਰੂਪ ਵਿੱਚ ਦਰਸਾਉਂਦੀ ਹੈ ਇਹ ਉਮਦਾ ਫਿਲਮ।
ਮੂਲ ਰੂਪ ਵਿੱਚ ਜ਼ਿਲ੍ਹਾਂ ਬਰਨਾਲਾ ਦੇ ਪਿੰਡ ਟੱਲੇਵਾਲ ਨਾਲ ਸੰਬੰਧਿਤ ਅਦਾਕਾਰ ਨਿਰਦੇਸ਼ਕ ਜੀਵਨਜੋਤ ਕੰਡਾ ਅੱਜਕੱਲ੍ਹ ਕੈਨੇਡੀਅਨ ਕਲਾ ਖਿੱਤੇ ਵਿੱਚ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਆਪਣੇ ਜੀਵਨ ਅਤੇ ਕਰੀਅਰ ਸਫ਼ਰ ਵੱਲ ਝਾਤ ਪਵਾਉਂਦਿਆਂ ਦੱਸਿਆ ਕਿ ਅਦਾਕਾਰੀ ਦੀ ਚੇਟਕ ਬਚਪਨ ਤੋਂ ਹੀ ਰਹੀ, ਜੋ ਸਕੂਲ ਅਤੇ ਕਾਲਜ ਪੜਾਅ ਉਤੇ ਮਿਲੀ ਹੱਲਾਸ਼ੇਰੀ ਨਾਲ ਲਗਾਤਾਰ ਹੋਰ ਪ੍ਰਪੱਕ ਹੁੰਦੀ ਗਈ।
ਰੂੜੇ ਕਲਾ ਦੇ ਅਕਾਲ ਪੋਲੀਟੈਕਨੀਕਲ ਕਾਲਜ ਤੋਂ ਇਲੈਕਟ੍ਰੀਕਲ ਡਿਪਲੋਮਾ ਕਰਨ ਵਾਲੇ ਇਸ ਹੋਣਹਾਰ ਨੌਜਵਾਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਅਦਾਕਾਰੀ ਚੇਟਕ ਨੂੰ ਹੋਰ ਮਜ਼ਬੂਤ ਪੈੜਾਂ ਦੇਣ ਵਿੱਚ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਅਦਾਕਾਰ ਪ੍ਰਕਾਸ਼ ਗਾਧੂ ਦੀ ਸ਼ੁਰੂਆਤੀ ਪੜਾਅ 'ਤੇ ਦਿੱਤੀ ਪ੍ਰੇਰਨਾ ਦਾ ਜਿੱਥੇ ਅਹਿਮ ਯੋਗਦਾਨ ਰਿਹਾ ਹੈ, ਉਥੇ ਉਨ੍ਹਾਂ ਦਾ ਇਸ ਕਰਮਭੂਮੀ ਵਿੱਚ ਅਸਲ ਮੁੱਢ ਜਿੰਨ੍ਹਾਂ ਬੰਨ੍ਹਿਆ, ਉਹ ਸਨ ਥੀਏਟਰ ਜਗਤ ਦੀ ਮੰਨੀ ਪ੍ਰਮੰਨੀ ਹਸਤੀ ਰਹੇ ਤੇਜਿੰਦਰ ਸਿੰਘ ਸਿੱਧੂ, ਜਿੰਨ੍ਹਾਂ ਦੀ ਰਹਿਨੁਮਾਈ ਹੇਠ ਉਸ ਨੇ ਕਈ ਪ੍ਰਭਾਵੀ ਨਾਟਕਾਂ ਵਿੱਚ ਬਤੌਰ ਰੰਗਕਰਮੀ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਈ, ਜਿੰਨ੍ਹਾਂ ਵਿੱਚ ਇਨਸਾਫ ਸਭਨਾਂ ਲਈ, ਕਰਮਾਂਵਾਲੀ ਆਦਿ ਸ਼ੁਮਾਰ ਰਹੇ।
ਪਾਲੀਵੁੱਡ ਨਿਰਦੇਸ਼ਕ ਲਵਲੀ ਸ਼ਰਮਾ ਧੂੜਕੋਟ ਦੀ ਪੰਜਾਬੀ ਲਘੂ ਫਿਲਮ 'ਸੀਬੋ' ਨਾਲ ਅਪਣੇ ਫਿਲਮੀ ਪੈਂਡੇ ਦਾ ਰਸਮੀ ਆਗਾਜ਼ ਕਫ਼ਨ ਵਾਲੇ ਪ੍ਰਤਿਭਾਵਾਨ ਅਦਾਕਾਰ ਜੀਵਨਜੋਤ ਕੰਡਾ 'ਅਚਿੰਤੇ ਬਾਜ ਪਏ', 'ਦਾਨ' ਅਤੇ 'ਕਾਤਿਲ ਚਾਚੇ' ਜਿਹੀਆਂ ਬਿਹਤਰੀਨ ਪੰਜਾਬੀ ਲਘੂ ਫਿਲਮਾਂ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਉਕਤ ਨਵੀਂ ਲਘੂ ਫਿਲਮ ਉਨ੍ਹਾਂ ਦੀ ਪੰਜਾਬ ਤੋਂ ਕੈਨੇਡਾ ਜਾਣ ਦੇ ਪੰਜ ਸਾਲਾਂ ਤੱਕ ਦਰਮਿਆਨ ਹੰਢਾਈ ਖੁਦ ਦੀ ਪੀੜ ਨੂੰ ਵੀ ਦਰਸਾਉਂਦੀ ਹੈ, ਜਿਸ ਦੀ ਕਹਾਣੀ ਉਨ੍ਹਾਂ ਦੇ ਭਰਾ ਕਮਲ ਟੱਲੇਵਾਲ ਵੱਲੋਂ ਲਿਖੀ ਗਈ ਹੈ, ਜਦਕਿ ਸਕਰੀਨ ਪਲੇਅ ਅਤੇ ਡਾਇਲਾਗ ਲੇਖਣ ਏਕਮ ਭੋਤਨਾ ਦੁਆਰਾ ਕੀਤਾ ਗਿਆ ਹੈ।
ਫੀਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਦੇ ਵਿਸ਼ੇਸ਼ ਸਹਿਯੋਗ ਅਧੀਨ ਬਣਾਈ ਗਈ ਉਕਤ ਫਿਲਮ ਦੇ ਨਿਰਮਾਤਾ ਸ਼੍ਰੀਮਤੀ ਸੋਨੀਆ ਕੰਡਾ, ਡੀਓਪੀ ਅਤੇ ਸੰਪਾਦਕ ਦੀਪ ਗੁਰਦੀਪ ਹਨ, ਜਦਕਿ ਸੰਗੀਤ ਜੀ ਆਰਪ, ਵਿਭਾਸ਼ ਅਤੇ ਮਿਊਜ਼ਿਕ ਨਸ਼ਾ ਵੱਲੋਂ ਤਿਆਰ ਕੀਤਾ ਗਿਆ ਹੈ।
ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਆਪਣੀ ਉਪਸਥਿਤੀ ਦਰਜ ਕਰਾਉਣ ਵੱਲ ਵੱਧ ਰਹੀ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਸੁਖਦੇਵ ਲੱਧੜ, ਕੁਲਵੰਤ ਖੁਰਮੀ, ਸੀਰਤ ਕੌਰ, ਸ਼ਾਲੂ ਕੌਰ, ਪਾਲ ਧੂੜਕੋਟ, ਗੁਰਪ੍ਰੀਤ ਸਿੰਘ ਚੀਮਾ, ਚਰਨਜੀਤ ਧੂੜਕੋਟ, ਪ੍ਰਭਜੋਤ, ਦਲਜੀਤ ਪੱਖੋਂ ਆਦਿ ਸ਼ਾਮਿਲ ਹਨ।