ਮੁੰਬਈ: ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਗੋਲੀ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅਭਿਨੇਤਾ ਅਤੇ ਸ਼ਿਵ ਸੈਨਾ ਨੇਤਾ ਗੋਵਿੰਦਾ ਅੱਜ ਸਵੇਰੇ ਗ਼ਲਤੀ ਨਾਲ ਆਪਣੀ ਹੀ ਲਾਇਸੰਸੀ ਰਿਵਾਲਰ ਚੋਂ ਗੋਲੀ ਚੱਲਣ ਨਾਲ ਜਖਮੀ ਹੋ ਗਏ। ਇਹ ਗੋਲੀ ਉਨ੍ਹਾਂ ਦੀ ਲੱਤ ਵਿੱਚ ਲੱਗੀ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ।
ਖਬਰਾਂ ਮੁਤਾਬਕ ਸੁਪਰਸਟਾਰ ਨਾਲ ਇਹ ਹਾਦਸਾ ਸਵੇਰੇ 4.45 ਵਜੇ ਹੋਇਆ। ਅਭਿਨੇਤਾ ਸਵੇਰੇ ਕਲਕੱਤਾ ਜਾਣ ਲਈ ਤਿਆਰ ਹੋ ਰਿਹਾ ਸੀ ਅਤੇ ਉਹ ਆਪਣੇ ਲਾਇਸੈਂਸ ਰਿਵਾਲਵਰ ਦੀ ਜਾਂਚ ਕਰ ਰਹੇ ਸੀ। ਉਸੇ ਸਮੇਂ ਅਚਾਨਕ ਰਿਵਾਲਵਰ ਚੱਲ ਗਈ ਅਤੇ ਗੋਲੀ ਸਿੱਧੀ ਗੋਵਿੰਦਾ ਦੇ ਗੋਡੇ 'ਤੇ ਜਾ ਲੱਗੀ।
ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਦੱਸਿਆ ਹੈ ਕਿ ਗੋਵਿੰਦਾ ਕੋਲਕਾਤਾ ਜਾਣ ਲਈ ਤਿਆਰ ਹੋ ਰਹੇ ਸੀ ਅਤੇ ਆਪਣੀ ਬੰਦੂਕ ਦੀ ਜਾਂਚ ਕਰ ਰਹੇ ਸੀ ਕਿ ਗੋਲੀ ਚੱਲ ਗਈ ਅਤੇ ਗੋਲੀ ਉਨ੍ਹਾਂ ਦੀ ਲੱਤ 'ਚ ਲੱਗੀ। ਮੈਨੇਜਰ ਮੁਤਾਬਕ ਗੋਵਿੰਦਾ ਦੀ ਲੱਤ 'ਚੋਂ ਗੋਲੀ ਕੱਢ ਦਿੱਤੀ ਗਈ ਹੈ ਅਤੇ ਉਨ੍ਹਾਂ ਦੀ ਹਾਲਤ ਠੀਕ ਹੈ।
ਮੁੰਬਈ ਪੁਲਿਸ ਦੇ ਇੱਕ ਅਧਿਕਾਰੀ ਨੇ ਵੀ ਪੁਸ਼ਟੀ ਕੀਤੀ ਕਿ ਗੋਵਿੰਦਾ ਠੀਕ ਹੈ ਅਤੇ ਸੱਟ ਗੰਭੀਰ ਨਹੀਂ ਹੈ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ ਗੋਵਿੰਦਾ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਜਾਣਿਆ ਹਾਲ
ਸੀ.ਐਮ.ਓ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਭਿਨੇਤਾ ਗੋਵਿੰਦ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਮੁੱਖ ਮੰਤਰੀ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਗੋਵਿੰਦਾ ਦੀ ਪੂਰੀ ਦੇਖਭਾਲ ਕਰਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਅਦਾਕਾਰੀ ਦੇ ਨਾਲ-ਨਾਲ ਰਾਜਨੀਤੀ ਵਿੱਚ ਕਦਮ
ਅਭਿਨੇਤਾ ਹੋਣ ਦੇ ਨਾਲ-ਨਾਲ ਗੋਵਿੰਦਾ ਇੱਕ ਅਭਿਨੇਤਾ ਅਤੇ ਰਾਜਨੇਤਾ ਵੀ ਹਨ। ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਗੋਵਿੰਦਾ ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਸਰਕਾਰ ਵਿੱਚ ਸ਼ਾਮਲ ਹੋਏ ਸਨ। ਕਾਂਗਰਸ ਦੇ ਸਾਬਕਾ ਨੇਤਾ ਗੋਵਿੰਦਾ ਚਾਲੂ ਸਾਲ 'ਚ ਹੀ ਸ਼ਿਵ ਸੈਨਾ 'ਚ ਸ਼ਾਮਲ ਹੋ ਗਏ ਹਨ।
ਦੱਸ ਦੇਈਏ ਕਿ ਗੋਵਿੰਦਾ 80 ਦੇ ਦਹਾਕੇ ਤੋਂ ਬਾਲੀਵੁੱਡ ਵਿੱਚ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਗੋਵਿੰਦਾ ਪਿਛਲੇ ਕੁਝ ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਰਾਜਨੀਤੀ 'ਚ ਸਰਗਰਮ ਹਨ। ਗੋਵਿੰਦਾ ਨੇ ਆਪਣੇ ਫਿਲਮੀ ਕਰੀਅਰ ਵਿੱਚ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ 'ਹੀਰੋ ਨੰਬਰ 1', 'ਰਾਜਾ ਬਾਬੂ', 'ਆਂਟੀ ਨੰਬਰ 1', 'ਆਂਖੇ', 'ਕੁਲੀ ਨੰਬਰ 1' ਸਣੇ ਕਈ ਫਿਲਮਾਂ ਸ਼ਾਮਲ ਹਨ।