ਹੈਦਰਾਬਾਦ: ਪੰਜਾਬ ਦੇ SOE ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਜਮਾਤ 9ਵੀਂ ਅਤੇ 11ਵੀਂ ਦੇ ਦਾਖਲੇ ਲਈ ਸੰਯੁਕਤ ਦਾਖਲਾ ਪ੍ਰੀਖਿਆ 30 ਮਾਰਚ ਨੂੰ ਹੋਵੇਗੀ। ਪ੍ਰੀਖਿਆ 'ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਦੁਆਰਾ ਰੋਲ ਨੰਬਰ ਘਰ ਦੇ ਪਤੇ 'ਤੇ ਨਹੀਂ ਭੇਜੇ ਜਾਣਗੇ, ਸਗੋ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਰੋਲ ਨੰਬਰ ਹਾਸਿਲ ਕਰਨੇ ਪੈਣਗੇ। ਵਿਭਾਗ ਵੱਲੋ ਪ੍ਰੀਖਿਆ ਕੇਂਦਰਾਂ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣ ਤੋਂ ਲੈ ਕੇ ਹੋਰ ਰਸਮੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇੰਨੇ ਵਿਦਿਆਰਥੀ ਕਰ ਚੁੱਕੇ ਨੇ ਰਜਿਸਟਰ: SOE ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਇਸ ਵਾਰ ਕੁੱਲ 24002 ਸੀਟਾਂ ਹਨ। ਇਸ ਵਾਰ 9ਵੀਂ ਜਮਾਤ ਲਈ ਲਗਭਗ 90 ਹਜ਼ਾਰ ਅਤੇ 11ਵੀਂ ਜਮਾਤ ਲਈ 1 ਲੱਖ 10 ਹਜ਼ਾਰ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ। ਜਦਕਿ ਪਿਛਲੇ ਸਾਲ 102784 ਵਿਦਿਆਰਥੀਆਂ ਨੇ ਰਜਿਸਟਰ ਕਰਵਾਇਆ ਸੀ। ਸੰਯੁਕਤ ਦਾਖਲਾ ਪ੍ਰੀਖਿਆ 30 ਮਾਰਚ ਦੀ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।