ਨਵੀਂ ਦਿੱਲੀ:ਕੇਂਦਰੀ ਡਾਇਰੈਕਟ ਟੈਕਸ ਬੋਰਡ ਦੇ ਚੇਅਰਮੈਨ ਰਵੀ ਅਗਰਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਟੈਕਸਦਾਤਾਵਾਂ ਨੇ ਆਪਣੀ ਆਮਦਨ ਟੈਕਸ ਰਿਟਰਨ (ਆਈ.ਟੀ.ਆਰ.) 'ਚ ਆਪਣੀ ਵਿਦੇਸ਼ੀ ਆਮਦਨ ਜਾਂ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਹੈ। ਉਨ੍ਹਾਂ ਕੋਲ ਅਜਿਹਾ ਕਰਨ ਲਈ 31 ਦਸੰਬਰ ਤੱਕ ਦਾ ਸਮਾਂ ਹੈ ਤਾਂ ਜੋ ਉਹ ਜੁਰਮਾਨੇ ਤੋਂ ਬਚ ਸਕਣ। ਬਿਜ਼ਨਸ ਸਟੈਂਡਰਡ ਦੀ ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ।
ਵਿਦੇਸ਼ੀ ਆਮਦਨ ਦਾ ਖੁਲਾਸਾ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਮਦਨ ਕਰ ਵਿਭਾਗ ਉਨ੍ਹਾਂ ਲੋਕਾਂ ਨੂੰ ਐਸਐਮਐਸ ਅਤੇ ਈਮੇਲ ਭੇਜਣ ਦੀ ਪ੍ਰਕਿਰਿਆ ਵਿੱਚ ਹੈ ਜਿਨ੍ਹਾਂ ਨੇ ਉੱਚ-ਮੁੱਲ ਵਾਲੀ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਹੈ। ਰਵੀ ਅਗਰਵਾਲ ਨੇ ਕਿਹਾ ਕਿ ਟੈਕਸ ਵਿਭਾਗ ਸੂਚਨਾ ਦੇ ਆਟੋਮੈਟਿਕ ਐਕਸਚੇਂਜ ਦੇ ਤਹਿਤ ਦੇਸ਼ਾਂ ਤੋਂ ਵਿਦੇਸ਼ੀ ਸੰਪਤੀਆਂ ਬਾਰੇ ਸਾਰੇ ਵੇਰਵੇ ਪ੍ਰਾਪਤ ਕਰਦਾ ਹੈ।
31 ਦਸੰਬਰ ਤੱਕ ਦੇਣੀ ਹੋਵੇਗੀ ਜਾਣਕਾਰੀ
ਨਵੀਂ ਦਿੱਲੀ ਵਿੱਚ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈਆਈਟੀਐਫ) ਵਿੱਚ ਟੈਕਸਪੇਅਰ ਲੌਂਜ ਦੇ ਉਦਘਾਟਨ ਮੌਕੇ ਉਨ੍ਹਾਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੂਲ ਉਦੇਸ਼ ਟੈਕਸਦਾਤਾਵਾਂ ਨੂੰ ਵਿਦੇਸ਼ੀ ਸੰਪਤੀਆਂ ਦਾ ਐਲਾਨ ਕਰਨ ਲਈ ਯਾਦ ਦਿਵਾਉਣਾ ਹੈ। ਉਹ 31 ਦਸੰਬਰ ਤੱਕ ਰਿਵਾਈਜ਼ਡ ਰਿਟਰਨ ਫਾਈਲ ਕਰ ਸਕਦੇ ਹਨ, ਜੇ ਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।
ਜਾਣਕਾਰੀ ਨਾ ਦੇਣ 'ਤੇ ਭਰਨਾ ਪਵੇਗਾ ਜੁਰਮਾਨਾ
ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮੁਲਾਂਕਣ ਸਾਲ 2024-25 ਲਈ ਦਾਖਲ ਕੀਤੀ ਆਮਦਨ ਟੈਕਸ ਰਿਟਰਨ ਵਿੱਚ ਵਿਦੇਸ਼ੀ ਸੰਪਤੀਆਂ ਦਾ ਖੁਲਾਸਾ ਨਹੀਂ ਕੀਤਾ ਹੈ, ਤਾਂ ਤੁਹਾਨੂੰ ਇੱਕ ਸੰਸ਼ੋਧਿਤ ਰਿਟਰਨ ਫਾਈਲ ਕਰਨੀ ਪਵੇਗੀ। ਅਜਿਹਾ ਨਾ ਕਰਨ 'ਤੇ ਤੁਹਾਨੂੰ 10 ਲੱਖ ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।