ਦੇਹਰਾਦੂਨ: ਉੱਤਰਾਖੰਡ ਵਿੱਚ ਜਲਦੀ ਹੀ ਯੂਸੀਸੀ ਯਾਨੀ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇਗਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਾਲ ਦੇ ਪਹਿਲੇ ਦਿਨ ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਕੀਤੀ। ਇਸ ਪੋਸਟ ਦਾ ਸਿੱਟਾ ਇਹ ਹੈ ਕਿ ਉੱਤਰਾਖੰਡ ਵਿੱਚ ਬਹੁਤ ਜਲਦੀ ਯੂਨੀਫਾਰਮ ਸਿਵਲ ਕੋਡ ਲਾਗੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸੀਐਮ ਧਾਮੀ ਨੇ ਕਿਹਾ ਸੀ ਕਿ ਜਨਵਰੀ 2025 ਵਿੱਚ ਯੂ.ਸੀ.ਸੀ. ਲਾਗੂ ਕੀਤਾ ਜਾ ਸਕਦਾ ਹੈ।
ਉੱਤਰਾਖੰਡ 'ਚ ਜਲਦ ਹੀ ਲਾਗੂ ਹੋਵੇਗਾ UCC
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਇਹ ਕਨੂੰਨ ਨਾ ਸਿਰਫ ਸਮਾਨਤਾ ਨੂੰ ਵਧਾਵਾ ਦੇਵੇਗਾ ਸਗੋਂ ਦੇਵਭੂਮੀ ਦੇ ਅਸਲੀ ਰੂਪ ਨੂੰ ਕਾਇਮ ਰੱਖਣ 'ਚ ਵੀ ਮਦਦਗਾਰ ਸਾਬਤ ਹੋਵੇਗਾ।
ਸੀਐਮ ਧਾਮੀ ਨੇ ਸੋਸ਼ਲ ਮੀਡੀਆ 'ਤੇ ਕੀਤਾ ਪੋਸਟ
ਸੀਐਮ ਧਾਮੀ ਦੁਆਰਾ ਇਸ ਪੋਸਟ ਦੇ ਨਾਲ ਸ਼ੇਅਰ ਕੀਤੇ ਗਏ ਪੋਸਟਰ ਦਾ ਸਿਰਲੇਖ ਹੈ 'ਉਮੀਦ ਦਾ ਨਵਾਂ ਸਾਲ 2025'। ਪੋਸਟਰ ਦੇ ਖੱਬੇ ਪਾਸੇ ਲਿਖਿਆ ਹੈ 'ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣੇਗਾ ਉੱਤਰਾਖੰਡ'। ਇਸ ਦੇ ਸੱਜੇ ਪਾਸੇ ਲਿਖਿਆ ਹੈ, 'ਰਾਜ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ, ਉੱਤਰਾਖੰਡ ਕਰੇਗਾ ਦੂਜੇ ਰਾਜਾਂ ਲਈ ਮਸ਼ਾਲ ਦਾ ਕੰਮ'। ਪੋਸਟਰ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਪ੍ਰਤੀਕਾਤਮਕ ਤਸਵੀਰ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਦੇ ਨਾਲ ਸੀਐੱਮ ਧਾਮੀ ਦੀ ਫੋਟੋ ਵੀ ਲਗਾਈ ਗਈ ਹੈ। ਤਸਵੀਰ ਵਿੱਚ ਪੀਐਮ ਮੋਦੀ ਨੇ ਭਗਵੇਂ ਰੰਗ ਦੀ ਉਤਰਾਖੰਡੀ ਟੋਪੀ ਪਾਈ ਹੋਈ ਹੈ। ਸੀਐਮ ਧਾਮੀ ਨੇ ਉੱਤਰਾਖੰਡ ਦੀ ਰਵਾਇਤੀ ਟੋਪੀ ਵੀ ਪਹਿਨੀ ਹੋਈ ਹੈ।