ਕੋਲਕਾਤਾ: ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਬੁੱਧਵਾਰ ਨੂੰ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਚੰਦਰੀਮਾ ਭੱਟਾਚਾਰੀਆ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਆਪਣੀ ਸ਼ਿਕਾਇਤ 'ਚ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਕਈ ਮੌਕਿਆਂ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਸੁਵੇਂਦੂ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
24 ਅਪ੍ਰੈਲ ਨੂੰ ਪੈਨਲ ਦੇ ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਭੱਟਾਚਾਰੀਆ ਨੇ ਕਿਹਾ, 'ਸਾਡੇ ਰਾਜ ਵਿਰੋਧੀ (ਭਾਜਪਾ) ਨੇਤਾ ਸੁਵੇਂਦੂ ਅਧਿਕਾਰੀ ਨੇ ਸਾਡੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਵਾਰ-ਵਾਰ ਅਪਮਾਨਜਨਕ ਸ਼ਬਦਾਂ ਅਤੇ ਗੰਦੀਆਂ ਟਿੱਪਣੀਆਂ ਦੀ ਵਰਤੋਂ ਕੀਤੀ ਹੈ। ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਨਾ ਸਿਰਫ਼ ਅਪਮਾਨਜਨਕ ਹੈ, ਸਗੋਂ ਮੂਰਖਤਾ ਵੀ ਹੈ'।
ਮੌਜੂਦਾ ਸਮੇਂ 'ਚ ਮਮਤਾ ਬੈਨਰਜੀ ਦੇਸ਼ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਹੈ ਅਤੇ ਅਧਿਕਾਰੀ ਵੱਲੋਂ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਸਿਰਫ ਉਨ੍ਹਾਂ ਦਾ ਅਪਮਾਨ ਹੈ, ਸਗੋਂ ਵੱਡੇ ਪੱਧਰ 'ਤੇ ਔਰਤਾਂ ਦਾ ਵੀ ਅਪਮਾਨ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਵਹਾਰ ਦੇ ਬਾਵਜੂਦ ਐੱਨਸੀਡਬਲਿਊ ਵੱਲੋਂ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਜਾਂ ਕਦਮ ਨਹੀਂ ਚੁੱਕੇ ਗਏ। ਅਸੀਂ ਹੈਰਾਨ ਹਾਂ ਕਿ ਇੱਕ ਵਿਅਕਤੀ ਇੱਕ ਮਹਿਲਾ ਨੇਤਾ ਅਤੇ ਇੱਕ ਮੁੱਖ ਮੰਤਰੀ ਵਿਰੁੱਧ ਅਜਿਹੀ ਗੈਰ-ਜ਼ਿੰਮੇਵਾਰਾਨਾ ਟਿੱਪਣੀਆਂ ਜਾਂ ਬਿਆਨ ਕਿਵੇਂ ਦੇ ਸਕਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਟਿੱਪਣੀਆਂ ਐਨਸੀਡਬਲਯੂ ਦੇ ਅਧਿਕਾਰੀਆਂ ਦੁਆਰਾ ਬਿਨਾਂ ਕਿਸੇ ਨੋਟਿਸ ਦੇ ਹੀ ਰਹਿੰਦੀਆਂ ਹਨ।
ਬੰਗਾਲ ਦੇ ਮੰਤਰੀ ਨੇ NCW ਨੇ ਅਪੀਲ ਕੀਤੀ ਕਿ ਉਹ ਵਾਰ-ਵਾਰ ਮਮਤਾ ਬੈਨਰਜੀ ਨੂੰ ਲੈਕੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਜਪਾ ਲੀਡਰ ਦੇ ਖਿਲਾਫ਼ ਤਤਕਾਲ ਕਾਰਵਾਈ ਕਰਨ। ਉਨ੍ਹਾਂ ਨੇ ਕਿਹਾ, 'ਔਰਤਾਂ ਦੀ ਉਦਾਰਤਾ ਅਤੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਜੋ ਵੀ ਜ਼ਰੂਰੀ ਹੈ ਉਹ ਕਰੋ।' ਸੁਵੇਂਦੂ ਅਧਿਕਾਰੀ ਨੇ ਐਤਵਾਰ ਨੂੰ ਮਮਤਾ ਬੈਨਰਜੀ ਦੀ ਟੀਐਮਸੀ ਪਾਰਟੀ ਨੂੰ ਗੁੰਡਿਆਂ ਦੀ ਪਾਰਟੀ ਕਿਹਾ'। ਇਸ ਦੇ ਨਾਲ ਹੀ ਕਿਹਾ ਕਿ ਪਾਰਟੀ ਨੂੰ ਲੋਕਾਂ ਦਾ ਸਮਰਥਨ ਨਹੀਂ ਹੈ। ਅਧਿਕਾਰੀ ਨੇ ਕਿਹਾ, 'ਟੀਐਮਸੀ ਕੋਈ ਸਿਆਸੀ ਪਾਰਟੀ ਨਹੀਂ ਹੈ। ਉਨ੍ਹਾਂ ਦੇ ਨਾਲ ਗੁੰਡੇ ਅਤੇ ਪੁਲਿਸ ਹਨ, ਲੋਕ ਨਹੀਂ।'