ਸ਼੍ਰੀਨਗਰ:ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਦੇ ਕਾਦਰ ਬੇਹੀਬਾਗ ਇਲਾਕੇ 'ਚ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਇਸ ਦੌਰਾਨ ਪੰਜ ਅੱਤਵਾਦੀ ਮਾਰੇ ਗਏ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ। ਸੁਰੱਖਿਆ ਏਜੰਸੀ ਦੇ ਇੱਕ ਉੱਚ ਅਧਿਕਾਰੀ ਅਨੁਸਾਰ ਸੀਆਰਪੀਐਫ, ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਸਮੇਤ ਸੁਰੱਖਿਆ ਬਲਾਂ ਦੀ ਇੱਕ ਸੰਯੁਕਤ ਟੀਮ ਨੇ ਇਲਾਕੇ ਨੂੰ ਘੇਰ ਲਿਆ ਅਤੇ ਉੱਥੇ ਅੱਤਵਾਦੀਆਂ ਦੀ ਮੌਜੂਦਗੀ ਦੀ ਖਾਸ ਸੂਚਨਾ 'ਤੇ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ।
ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਸੰਯੁਕਤ ਟੀਮ ਖਾਸ ਸਥਾਨ ਦੇ ਨੇੜੇ ਪਹੁੰਚੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਬੇਅਸਰ ਕਰਨ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਲਿਸ ਮੁਤਾਬਕ ਇਸ ਮੁਕਾਬਲੇ 'ਚ 5 ਅੱਤਵਾਦੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।
ਕਸ਼ਮੀਰ ਜ਼ੋਨ ਪੁਲਿਸ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦੇ ਹੋਏ ਕਿਹਾ,'ਕੁਲਗਾਮ ਜ਼ਿਲ੍ਹੇ ਦੇ ਕੱਦਰ ਖੇਤਰ ਵਿੱਚ ਮੁਕਾਬਲਾ ਹੋਇਆ। ਪੁਲਿਸ ਅਤੇ ਸੁਰੱਖਿਆ ਬਲ ਕਾਰਵਾਈ ਵਿੱਚ ਲੱਗੇ ਹੋਏ ਹਨ। ਫੌਜ ਦੀ ਚਿਨਾਰ ਕੋਰ ਨੇ ਕਿਹਾ ਕਿ ਸੁਰੱਖਿਆ ਬਲਾਂ ਦੁਆਰਾ ਚੁਣੌਤੀ ਦਿੱਤੇ ਜਾਣ 'ਤੇ ਅੱਤਵਾਦੀਆਂ ਨੇ ਭਾਰੀ ਗੋਲੀਬਾਰੀ ਕੀਤੀ।'