ਹੈਦਰਾਬਾਦ: ਤੇਲੰਗਾਨਾ 'ਚ ਪਤਨੀ ਦੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਇਕ ਕਾਰੋਬਾਰੀ ਪਤੀ ਨੂੰ ਕਥਿਤ ਤੌਰ 'ਤੇ ਆਪਣੀ ਜਾਨ ਨਾਲ ਕੀਮਤ ਚੁਕਾਉਣੀ ਪਈ। ਮਾਮਲਾ ਹੈਦਰਾਬਾਦ ਦਾ ਹੈ, ਜਿੱਥੇ ਇਕ ਔਰਤ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕਥਿਤ ਤੌਰ 'ਤੇ ਆਪਣੇ ਕਾਰੋਬਾਰੀ ਪਤੀ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਸਬੂਤਾਂ ਨੂੰ ਨਸ਼ਟ ਕਰਨ ਅਤੇ ਫਰਾਰ ਹੋਣ ਲਈ ਲਾਸ਼ ਨੂੰ ਕਰਨਾਟਕ ਦੀ ਸਰਹੱਦ ਪਾਰ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਿਕ ਪਤੀ ਨੇ ਪਤਨੀ ਦੀ 8 ਕਰੋੜ ਰੁਪਏ ਦੀ ਮੰਗ ਪੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਤਲ ਤੋਂ ਬਾਅਦ ਆਪਣੇ ਪਤੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਮੁਲਜ਼ਮ ਔਰਤ ਨੂੰ ਪੁਲਿਸ ਨੇ ਇਸ ਮਾਮਲੇ 'ਚ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਕਿਵੇਂ ਹੋਇਆ ਕਤਲ ਦਾ ਖੁਲਾਸਾ?
ਕਤਲ ਦਾ ਇਹ ਦਰਦਨਾਕ ਮਾਮਲਾ 8 ਅਕਤੂਬਰ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਨੇ ਕਰਨਾਟਕ ਦੇ ਕੋਡਾਗੂ ਜ਼ਿਲੇ 'ਚ ਸੁਨਤੀਕੋਪਾ ਨੇੜੇ ਕੌਫੀ ਦੇ ਬਾਗ 'ਚੋਂ ਇਕ ਅਣਪਛਾਤੀ ਸੜੀ ਹੋਈ ਲਾਸ਼ ਬਰਾਮਦ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਸੀਸੀਟੀਵੀ ਫੁਟੇਜਾਂ ਦਾ ਵਿਸ਼ਲੇਸ਼ਣ ਕੀਤਾ ਹੈ। ਜਾਂਚ ਦੌਰਾਨ ਪੁਲਿਸ ਨੇ ਆਪਣਾ ਧਿਆਨ ਪੀੜਤ ਦੇ ਨਾਂ ’ਤੇ ਦਰਜ ਲਾਲ ਰੰਗ ਦੀ ਮਰਸੀਡੀਜ਼ ’ਤੇ ਕੇਂਦਰਿਤ ਕੀਤਾ। ਪੁਲਿਸ ਨੂੰ ਪਤਾ ਲੱਗਾ ਕਿ ਇਹ ਕਾਰ ਤੇਲੰਗਾਨਾ ਦੇ ਰੀਅਲ ਅਸਟੇਟ ਕਾਰੋਬਾਰੀ ਰਮੇਸ਼ ਦੀ ਹੈ।
ਇਸ ਤੋਂ ਬਾਅਦ ਕਰਨਾਟਕ ਅਤੇ ਤੇਲੰਗਾਨਾ ਦੀ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਜਾਂਚ ਵਿੱਚ ਭੁਵਨਗਿਰੀ ਜ਼ਿਲ੍ਹੇ ਵਿੱਚ ਮਾਰੇ ਗਏ ਵਪਾਰੀ ਰਮੇਸ਼ ਦੀ ਪਤਨੀ ਨਿਹਾਰਿਕਾ (29) ਨੂੰ ਹਿਰਾਸਤ ਵਿੱਚ ਲਿਆ ਗਿਆ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਉਸ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਦੇ ਖੁਲਾਸੇ 'ਤੇ ਪੁਲਿਸ ਨੇ ਉਸਦੇ ਸਾਥੀਆਂ ਨਿਖਿਲ ਅਤੇ ਅੰਕੁਰ ਨੂੰ ਵੀ ਗ੍ਰਿਫਤਾਰ ਕਰ ਲਿਆ।