ਦੇਹਰਾਦੂਨ (ਉੱਤਰਾਖੰਡ): ਕੋਲਕਾਤਾ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਹਰਾਦੂਨ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੇਹਰਾਦੂਨ ਦੇ ਆਈਐਸਬੀਟੀ ਵਿੱਚ ਬੱਸ ਵਿੱਚ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬਾਲ ਭਲਾਈ ਕਮੇਟੀ ਦੀ ਟੀਮ ਨੇ ਬੱਚੀ ਨੂੰ ਆਈ.ਐਸ.ਬੀ.ਟੀ. ਤੋਂ ਰੈਸਕਿਊ ਕੀਤਾ। ਕੌਂਸਲਿੰਗ ਤੋਂ ਬਾਅਦ ਕਮੇਟੀ ਨੇ ਸ਼ਨੀਵਾਰ ਨੂੰ ਕੋਤਵਾਲੀ ਪਟੇਲ ਨਗਰ ਦੀ ਆਈਐਸਬੀਟੀ ਦੀ ਪੁਲਿਸ ਚੌਕੀ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ 'ਚ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੁਰੀ ਹਾਲਤ 'ਚ ਮਿਲੀ ਲੜਕੀ:ਜਾਣਕਾਰੀ ਅਨੁਸਾਰ ਲੜਕੀ (16 ਸਾਲ) ਮੁਰਾਦਾਬਾਦ ਤੋਂ ਯੂਪੀ ਰੋਡਵੇਜ਼ ਦੀ ਬੱਸ ਵਿੱਚ ਸਵਾਰ ਹੋਈ ਸੀ। ਉਹ 13 ਅਗਸਤ ਨੂੰ ਰਾਤ ਕਰੀਬ 2.30 ਵਜੇ ISBT ਦੇਹਰਾਦੂਨ ਪਹੁੰਚੀ। ਦੋਸ਼ ਹੈ ਕਿ ਬੱਸ ਖਾਲੀ ਹੋਣ 'ਤੇ ਕਰੀਬ ਪੰਜ ਲੋਕਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਬੱਸ ਤੋਂ ਉਤਾਰ ਕੇ ਫ਼ਰਾਰ ਹੋ ਗਏ। ਚਾਈਲਡ ਵੈਲਫੇਅਰ ਕਮੇਟੀ ਦੀ ਹੈਲਪਲਾਈਨ ਟੀਮ ਨੇ ਆਈਐਸਬੀਟੀ ਦੇ ਬਾਹਰ ਲੜਕੀ ਨੂੰ ਬੁਰੀ ਹਾਲਤ ਵਿੱਚ ਪਾਇਆ। ਜਦੋਂ ਕਮੇਟੀ ਨੇ ਲੜਕੀ ਦੀ ਕੌਂਸਲਿੰਗ ਕੀਤੀ ਤਾਂ ਉਸ ਨੇ ਆਪਣੀ ਹੱਡ-ਬੀਤੀ ਦੱਸੀ। ਕਮੇਟੀ ਦੇ ਮੈਂਬਰ ਸ਼ਨੀਵਾਰ ਰਾਤ ਨੂੰ ISBT ਚੌਕੀ 'ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ।
ਮਾਮਲੇ 'ਚ ਪੁਲਿਸ ਦਾ ਕੀ ਕਹਿਣਾ: ਦੇਹਰਾਦੂਨ ਦੇ ਐੱਸਐੱਸਪੀ ਅਜੇ ਸਿੰਘ ਨੇ ਦੱਸਿਆ ਕਿ ਉਹ ਖੁਦ ਆਈਐੱਸਬੀਟੀ ਚੌਕੀ 'ਤੇ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਮਾਮਲੇ ਵਿੱਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 12 ਅਗਸਤ ਦੀ ਰਾਤ ਨੂੰ ਕਰੀਬ 2 ਵਜੇ ਲੜਕੀ ਆਈ.ਐਸ.ਬੀ.ਟੀ. ਨੇੜੇ ਇਕ ਦੁਕਾਨ 'ਤੇ ਸ਼ੱਕੀ ਹਾਲਤ ਵਿਚ ਬੈਠੀ ਸੀ ਅਤੇ ਇਕ ਵਿਅਕਤੀ ਉਸ ਨਾਲ ਗੱਲਾਂ ਕਰ ਰਿਹਾ ਸੀ।
ਜਦੋਂ ISBT 'ਚ ਤਾਇਨਾਤ ਗਾਰਡ ਨੂੰ ਮਾਮਲਾ ਸ਼ੱਕੀ ਲੱਗਾ ਤਾਂ ਉਸ ਨੇ ਹੈਲਪਲਾਈਨ ਨੰਬਰ 1098 'ਤੇ ਕਾਲ ਕਰਕੇ ਯੂਨਿਟ ਨੂੰ ਸੂਚਿਤ ਕੀਤਾ। CWC ਦੀ ਇੱਕ ਟੀਮ ਰਾਤ ਨੂੰ ISBT ਵਿੱਚ ਹੀ ਰਹਿੰਦੀ ਹੈ। ਟੀਮ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਤੋਂ ਉਸ ਦਾ ਨਾਂ, ਪਤਾ ਅਤੇ ਹੋਰ ਜਾਣਕਾਰੀ ਲਈ ਤਾਂ ਉਸ ਨੇ ਕੁਝ ਨਹੀਂ ਦੱਸਿਆ। ਇਸ ਤੋਂ ਬਾਅਦ ਸੀਡਬਲਿਊਸੀ ਦੀ ਟੀਮ ਉਸ ਨੂੰ ਨਾਰੀ ਨਿਕੇਤਨ ਲੈ ਕੇ ਆਈ ਅਤੇ ਉਸ ਦੀ ਕਾਊਂਸਲਿੰਗ ਕੀਤੀ।