ਚੰਡੀਗੜ੍ਹ: ਦਿੱਲੀ ਚੋਣਾਂ 'ਚ ਭਾਜਪਾ ਨੂੰ ਬਹੁਮਤ ਮਿਲਿਆ ਹੈ ਤੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। 27 ਸਾਲ ਬਾਅਦ ਦਿੱਲੀ 'ਚ ਮਿਲੀ ਜਿੱਤ ਭਾਜਪਾ ਲਈ ਬੇਹੱਦ ਖਾਸ ਮੰਨੀ ਜਾ ਰਹੀ ਹੈ। ਇੱਥੇ 15 ਸਾਲ ਕਾਂਗਰਸ ਸਰਕਾਰ ਅਤੇ 11 ਸਾਲ ‘ਆਪ’ ਦੀ ਸਰਕਾਰ ਰਹੀ। ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਤੋਂ ਸੂਬੇ ਤੋਂ ਕੇਂਦਰ ਤੱਕ ਦੇ ਆਗੂ ਖੁਸ਼ ਹਨ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਹਾਰ ਗਏ ਹਨ। ਦੂਜੇ ਨੇਤਾ ਮਨੀਸ਼ ਸਿਸੋਦੀਆ ਵੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਹਨ। ਅਜਿਹੇ 'ਚ ਭਾਜਪਾ ਦੀ ਜਿੱਤ ਕਈ ਮਾਇਨਿਆਂ 'ਚ ਖਾਸ ਬਣ ਗਈ ਹੈ।
ਸਿੱਖ ਚਿਹਰਿਆਂ ਦਾ ਦਬਦਬਾ
ਦਿੱਲੀ ਚੋਣਾਂ 'ਚ ਸਿੱਖ ਚਿਹਰਿਆਂ ਦਾ ਦਬਦਬਾ ਵੀ ਦੇਖਣ ਨੂੰ ਮਿਲਿਆ ਹੈ। ਪਾਰਟੀਆਂ ਵੱਲੋਂ ਖੜ੍ਹੇ ਕੀਤੇ ਗਏ ਸਿੱਖ ਆਗੂਆਂ ਦੀ ਜਿੱਤ ਹੋਈ ਹੈ। ਜਿਨ੍ਹਾਂ ਵਿੱਚੋਂ ਹੇਠ ਲਿਖੇ ਚਿਹਰੇ ਸ਼ਾਮਲ ਹਨ।
ਰਾਜੌਰੀ ਗਾਰਡਨ ਵਿਧਾਨ ਸਭਾ ਸੀਟ: ਮਨਜਿੰਦਰ ਸਿੰਘ ਸਿਰਸਾ (ਭਾਜਪਾ)
ਮੂਲ ਰੂਪ ਤੋਂ ਸਿਰਸਾ ਦਾ ਰਹਿਣ ਵਾਲੇ ਮਨਜਿੰਦਰ ਸਿੰਘ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। ਮਨਜਿੰਦਰ ਸਿੰਘ ਸਿਰਸਾ ਨੂੰ ਭਾਰਤੀ ਜਨਤਾ ਪਾਰਟੀ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। 52 ਸਾਲਾ ਮਨਜਿੰਦਰ ਸਿੰਘ ਨੇ 55.8 ਫੀਸਦ ਵੋਟ ਸ਼ੇਅਰ ਅਤੇ 18,190 ਵੋਟਾਂ ਨਾਲ ਇਹ ਸੀਟ ਜਿੱਤੀ ਹੈ। ਮਨਜਿੰਦਰ ਸਿੰਘ ਸਿਰਸਾ ਨੂੰ 64,132 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਨਵਤੀ ਚੰਦੇਲਾ ਨੂੰ 45,942 ਵੋਟਾਂ ਮਿਲੀਆਂ ਹਨ। ਇਸ ਸੀਟ 'ਤੇ ਕਾਂਗਰਸ ਉਮੀਦਵਾਰ ਧਰਮਪਾਲ ਚੰਦੀਲਾ ਨੂੰ ਸਿਰਫ਼ 3,198 ਵੋਟਾਂ ਮਿਲੀਆਂ।
ਕੌਣ ਹਨ ਮਨਜਿੰਦਰ ਸਿੰਘ ਸਿਰਸਾ
28 ਫਰਵਰੀ 1972 ਨੂੰ ਜਨਮੇ ਮਨਜਿੰਦਰ ਸਿੰਘ ਸਿਰਸਾ ਦਾ ਪਰਿਵਾਰ ਸਿਰਸਾ ਜ਼ਿਲ੍ਹਾ ਹੈੱਡਕੁਆਰਟਰ ਨੇੜੇ ਪਿੰਡ ਬਾਜੇਕਾਂ ਨਾਲ ਸਬੰਧਤ ਹੈ। ਮਨਜਿੰਦਰ ਸਿੰਘ ਨੇ ਪਿੰਡ ਬਾਜੇਕਾਂ ਨੇੜੇ ਨੈਸ਼ਨਲ ਹਾਈਵੇ 'ਤੇ ਫਾਰਮ ਹਾਊਸ ਵੀ ਬਣਾਇਆ ਹੋਇਆ ਹੈ। ਮਨਜਿੰਦਰ ਸਿੰਘ ਦੀ ਪਿੰਡ ਬਾਜੇਕਾਂ, ਸਿਕੰਦਰਪੁਰ ਅਤੇ ਮੋਰੀਵਾਲਾ ਵਿੱਚ ਜ਼ਮੀਨ ਹੈ।
2021 ਵਿੱਚ ਭਾਜਪਾ ਵਿੱਚ ਹੋਏ ਸਨ ਸ਼ਾਮਲ
ਮਨਜਿੰਦਰ ਸਿੰਘ ਸਿਰਸਾ ਦਸੰਬਰ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਭਾਜਪਾ ਦੇ ਪ੍ਰਮੁੱਖ ਸਿੱਖ ਚਿਹਰਾ ਹਨ। ਮਨਜਿੰਦਰ ਸਿੰਘ ਸਿਰਸਾ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਹੋਏ ਸਨ। ਉਹ 2013 ਤੋਂ 2015 ਅਤੇ 2017 ਤੋਂ 2020 ਤੱਕ ਦਿੱਲੀ ਵਿਧਾਨ ਸਭਾ ਦੇ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਵੀ ਰਹੀ ਹੈ।
ਜੰਗਪੁਰਾ ਵਿਧਾਨ ਸਭਾ ਸੀਟ: ਤਰਵਿੰਦਰ ਸਿੰਘ ਮਰਵਾਹ (ਭਾਜਪਾ)
ਦਿੱਲੀ ਦੀ ਜੰਗਪੁਰਾ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਹਰਾਇਆ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਤਰਵਿੰਦਰ ਸਿੰਘ ਮਰਵਾਹ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਤੋਂ 675 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਭਾਜਪਾ ਉਮੀਦਵਾਰ ਮਰਵਾਹ ਨੂੰ 38,859 ਵੋਟਾਂ ਮਿਲੀਆਂ ਹਨ।
ਕੌਣ ਹਨ ਤਰਵਿੰਦਰ ਸਿੰਘ ਮਰਵਾਹ?
10 ਅਕਤੂਬਰ 1959 ਨੂੰ ਨਵੀਂ ਦਿੱਲੀ ਵਿੱਚ ਜਨਮੇ, ਤਰਵਿੰਦਰ ਸਿੰਘ ਮਰਵਾਹ ਨੇ ਆਪਣੀ ਸਕੂਲੀ ਪੜ੍ਹਾਈ ਦਿੱਲੀ ਵਿੱਚ ਪੂਰੀ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਦੇ ਪੀਜੀਡੀਏਵੀ ਕਾਲਜ ਵਿੱਚ ਪਹਿਲੇ ਸਾਲ ਤੱਕ ਉੱਚ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦਾ ਵਿਆਹ ਸੁਰਿੰਦਰਪਾਲ ਕੌਰ ਮਰਵਾਹ ਨਾਲ ਹੋਇਆ। ਉਹ 1998 ਤੋਂ 2013 ਤੱਕ ਲਗਾਤਾਰ ਤਿੰਨ ਵਾਰ ਕਾਂਗਰਸ ਪਾਰਟੀ ਦੇ ਵਿਧਾਇਕ ਵਜੋਂ ਜੰਗਪੁਰਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਜੁਲਾਈ 2022 ਵਿੱਚ, ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਦਿੱਲੀ ਭਾਜਪਾ ਦੇ ਸਿੱਖ ਸੈੱਲ ਦਾ ਮੁਖੀ ਨਿਯੁਕਤ ਕੀਤਾ ਗਿਆ। ਮਰਵਾਹ ਨੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੂੰ ਸੀਨੀਅਰ ਨੇਤਾਵਾਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਚੋਣ ਹਲਫ਼ਨਾਮੇ ਮੁਤਾਬਕ ਮਰਵਾਹ ਖ਼ਿਲਾਫ਼ ਅਪਰਾਧਿਕ ਕੇਸ ਚੱਲ ਰਿਹਾ ਹੈ। ਮਰਵਾਹ ਇੱਕ ਕਾਰੋਬਾਰੀ ਹੈ ਅਤੇ ਦਿੱਲੀ ਵਿੱਚ ਉਨ੍ਹਾਂ ਦੀਆਂ ਕਈ ਜਾਇਦਾਦਾਂ ਹਨ, ਜਿਸ ਤੋਂ ਉਹ ਕਿਰਾਇਆ ਲੈ ਕੇ ਪੈਸੇ ਕਮਾਉਂਦੇ ਹਨ।
ਗਾਂਧੀਨਗਰ ਵਿਧਾਨ ਸਭਾ ਸੀਟ: ਅਰਵਿੰਦਰ ਸਿੰਘ ਲਵਲੀ (ਭਾਜਪਾ)
ਭਾਜਪਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦਰ ਸਿੰਘ ਲਵਲੀ ਨੂੰ ਦਿੱਲੀ ਦੇ ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਐਲਾਨੇ ਗਏ ਚੋਣ ਨਤੀਜਿਆਂ ਵਿੱਚ ਅਰਵਿੰਦਰ ਸਿੰਘ ਲਵਲੀ ਨੇ ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਨਵੀਨ ਸਿੰਘ ਚੌਧਰੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਅਰਵਿੰਦਰ ਸਿੰਘ ਲਵਲੀ ਨੇ ਨਵੀਨ ਚੌਧਰੀ ਨੂੰ 12748 ਵੋਟਾਂ ਨਾਲ ਹਰਾਇਆ ਹੈ। ਭਾਜਪਾ ਦੇ ਅਰਵਿੰਦਰ ਸਿੰਘ ਲਵਲੀ ਨੂੰ 56858 ਵੋਟਾਂ ਮਿਲੀਆਂ, ਜਦਕਿ 'ਆਪ' ਦੇ ਨਵੀਨ ਚੌਧਰੀ ਨੇ 44110 ਵੋਟਾਂ ਹਾਸਲ ਕੀਤੀਆਂ।
2017-18 ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਸਨ ਅਰਵਿੰਦਰ ਸਿੰਘ ਲਵਲੀ
ਦੱਸ ਦਈਏ ਕਿ ਅਰਵਿੰਦਰ ਸਿੰਘ ਲਵਲੀ 2017-18 ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਸਨ। ਇਸ ਤੋਂ ਪਹਿਲਾਂ ਉਹ 2013 'ਚ ਕਾਂਗਰਸ ਦੀ ਅਗਵਾਈ 'ਚ ਗਾਂਧੀਨਗਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਹਨ। 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦਰ ਸਿੰਘ ਲਵਲੀ ਨੇ 48,897 ਵੋਟਾਂ ਨਾਲ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਦੇ ਅਨਿਲ ਕੁਮਾਰ ਬਾਜਪਾਈ ਨੂੰ ਹਰਾਇਆ ਸੀ। ਗਾਂਧੀਨਗਰ ਵਿਧਾਨ ਸਭਾ ਸੀਟ ਪੂਰਬੀ ਦਿੱਲੀ ਲੋਕ ਸਭਾ ਹਲਕੇ ਦਾ ਹਿੱਸਾ ਹੈ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਅਨਿਲ ਕੁਮਾਰ ਚੌਧਰੀ 48,824 ਵੋਟਾਂ ਲੈ ਕੇ ਜੇਤੂ ਰਹੇ ਸਨ। 2015 ਵਿੱਚ, ਅਨਿਲ ਕੁਮਾਰ ਚੌਧਰੀ ਨੇ 50,946 ਵੋਟਾਂ ਹਾਸਲ ਕਰਕੇ ਗਾਂਧੀਨਗਰ ਸੀਟ ਜਿੱਤੀ ਸੀ, ਪਰ ਇਸ ਦੌਰਾਨ ਉਹ ਭਾਜਪਾ ਦੀ ਨਹੀਂ, ਸਗੋਂ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਜਿੱਤ ਕੇ ਵਿਧਾਇਕ ਬਣੇ ਸਨ। 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਨਿਲ ਕੁਮਾਰ ਚੌਧਰੀ ਨੂੰ ‘ਆਪ’ ਦੇ ਨਵੀਨ ਚੌਧਰੀ ਨੇ ਸਖ਼ਤ ਟੱਕਰ ਦਿੱਤੀ ਸੀ।
ਤਿਲਕ ਨਗਰ ਸੀਟ: ਜਰਨੈਲ ਸਿੰਘ (ਆਮ ਆਦਮੀ ਪਾਰਟੀ)
ਤਿਲਕ ਨਗਰ ਵਿਧਾਨ ਸਭਾ ਸੀਟ 'ਤੇ 'ਆਪ' ਦਾ ਜਾਦੂ ਚੱਲਿਆ ਹੈ ਅਤੇ ਉਹ ਆਪਣੀ ਸੀਟ ਬਚਾਉਣ 'ਚ ਸਫਲ ਰਹੀ ਹੈ। 'ਆਪ' ਦੇ ਜਰਨੈਲ ਸਿੰਘ ਨੇ ਭਾਜਪਾ ਦੀ ਸ਼ਵੇਤਾ ਸੈਣੀ ਨੂੰ 11656 ਵੋਟਾਂ ਨਾਲ ਹਰਾਇਆ ਹੈ। ਚੋਣ ਵਿੱਚ ਜਰਨੈਲ ਸਿੰਘ ਨੂੰ 52134 ਵੋਟਾਂ ਮਿਲੀਆਂ ਜਦਕਿ ਸ਼ਵੇਤਾ ਸੈਣੀ ਨੂੰ 40478 ਵੋਟਾਂ ਮਿਲੀਆਂ। ਜਰਨੈਲ ਸਿੰਘ ਨੇ ਸ਼ੁਰੂਆਤੀ ਰੁਝਾਨਾਂ ਤੋਂ ਲੀਡ ਹਾਸਲ ਕੀਤੀ ਅਤੇ ਜਿੱਤ ਤੱਕ ਲੀਡ ਬਣਾਈ ਰੱਖੀ। ਆਮ ਆਦਮੀ ਪਾਰਟੀ ਨੇ ਇਹ ਸੀਟ ਲਗਾਤਾਰ ਚੌਥੀ ਵਾਰ ਜਿੱਤੀ ਹੈ।
2013 ਤੋਂ 'ਆਪ' ਦਾ ਕਬਜ਼ਾ
ਤਿਲਕ ਨਗਰ ਸੀਟ 2013 ਤੋਂ ਆਮ ਆਦਮੀ ਪਾਰਟੀ ਕੋਲ ਹੈ। ਇਸ ਸੀਟ 'ਤੇ ਤਿੰਨੋਂ ਵੱਡੀਆਂ ਪਾਰਟੀਆਂ ਨੇ ਜਿੱਤ ਹਾਸਲ ਕੀਤੀ ਹੈ। ਜਨਰਲ ਸ਼੍ਰੇਣੀ ਦੀ ਇਹ ਸੀਟ ਪੱਛਮੀ ਦਿੱਲੀ ਜ਼ਿਲ੍ਹੇ ਵਿੱਚ ਸਥਿਤ ਹੈ। ਸੀਟ ਦੇ ਮੌਜੂਦਾ ਰੂਪ ਦਾ ਫੈਸਲਾ 2008 ਵਿੱਚ ਹੱਦਬੰਦੀ ਕਮਿਸ਼ਨ ਦੀ ਸਿਫ਼ਾਰਸ਼ ਦੇ ਆਧਾਰ 'ਤੇ ਕੀਤਾ ਗਿਆ ਹੈ। 'ਆਪ' ਦੇ ਜਰਨੈਲ ਸਿੰਘ ਨੇ ਸਾਲ 2013, 2015 ਅਤੇ 2020 'ਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਹੈ। ਜੇਕਰ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ 2008 ਦੀਆਂ ਚੋਣਾਂ ਵਿੱਚ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ਅਤੇ ਭਾਜਪਾ ਦੇ ਓਪੀ ਬੱਬਰ ਇੱਥੋਂ ਵਿਧਾਇਕ ਬਣੇ ਸਨ।
ਚਾਂਦਨੀ ਚੌਕ ਸੀਟ : ਪੂਰਨਦੀਪ ਸਿੰਘ ਸਾਹਨੀ (ਆਮ ਆਦਮੀ ਪਾਰਟੀ)
ਚਾਂਦਨੀ ਚੌਕ ਸੀਟ ਤੋਂ ਆਮ ਆਦਮੀ ਪਾਰਟੀ ਦੇ ਪੂਰਨਦੀਪ ਸਿੰਘ ਸਾਹਨੀ ਨੇ ਜਿੱਤ ਦਰਜ ਕੀਤੀ ਹੈ, ਜੋ ਚੋਣਾਂ ਦੇ ਸ਼ੁਰੂ ਤੋਂ ਹੀ ਚਰਚਾ ਵਿੱਚ ਸਨ। ਪੂਰਨਦੀਪ ਸਾਹਨੀ ਨੇ ਭਾਰਤੀ ਜਨਤਾ ਪਾਰਟੀ ਦੇ ਸਤੀਸ਼ ਜੈਨ ਨੂੰ 16,572 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਦੌਰਾਨ ‘ਆਪ’ ਦੇ ਪੂਰਨਦੀਪ ਸਿੰਘ ਨੂੰ 38,993 ਵੋਟਾਂ ਮਿਲੀਆਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸਤੀਸ਼ ਜੈਨ ਨੂੰ 22,421 ਵੋਟਾਂ ਮਿਲੀਆਂ ਹਨ। ਜਦੋਂ ਕਿ ਤੀਜੇ ਨੰਬਰ 'ਤੇ ਰਹੇ ਕਾਂਗਰਸ ਦੇ ਮੁਦਿਤ ਅਗਰਵਾਲ ਨੂੰ 9,065 ਵੋਟਾਂ ਮਿਲੀਆਂ।