ਮੁੰਬਈ— ਮਹਾਰਾਸ਼ਟਰ ਦੀ ਮੁੰਬਈ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁੱਖ ਸ਼ੂਟਰ ਸ਼ਿਵ ਕੁਮਾਰ ਨੂੰ ਉੱਤਰ ਪ੍ਰਦੇਸ਼ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੰਯੁਕਤ ਆਪ੍ਰੇਸ਼ਨ ਚਲਾ ਕੇ ਮਾਮਲੇ ਦੇ ਦੋ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਸਾਂਝੇ ਆਪਰੇਸ਼ਨ 'ਚ ਕੌਣ-ਕੌਣ ਸੀ ਸ਼ਾਮਿਲ
ਪੁਲਿਸ ਨੇ ਦੱਸਿਆ ਕਿ ਤਿੰਨਾਂ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਯੂਪੀ ਐੱਸਟੀਐੱਫ ਨਾਲ ਸਾਂਝੇ ਆਪ੍ਰੇਸ਼ਨ 'ਚ 6 ਅਧਿਕਾਰੀ ਅਤੇ 15 ਪੁਲਿਸ ਕਰਮਚਾਰੀ ਸ਼ਾਮਲ ਸਨ। ਜਾਣਕਾਰੀ ਮੁਤਾਬਕ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸ਼ੂਟਰ ਸ਼ਿਵਕੁਮਾਰ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਅਤੇ ਯੂਪੀ ਐੱਸਟੀਐੱਫ ਨੇ ਮਿਲ ਕੇ ਕਾਰਵਾਈ ਕਰਦੇ ਹੋਏ ਉਸ ਨੂੰ ਫੜ ਲਿਆ।
ਪਲਾਨ ਬੀ ਤਿਆਰ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਗੌਰਵ ਵਿਲਾਸ ਅਪੁਨੇ ਨਾਂ ਦੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਸੀ। ਏਐਨਆਈ ਦੀ ਰਿਪੋਰਟ ਦੇ ਅਨੁਸਾਰ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪੁਨੇ ਇੱਕ ਸ਼ੂਟਰ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੁਆਰਾ ਬਣਾਈ ਗਈ ਯੋਜਨਾ ਬੀ ਦਾ ਹਿੱਸਾ ਸੀ। ਉਹ ਆਪਣੀ ਸ਼ੂਟਿੰਗ ਦੇ ਹੁਨਰ ਨੂੰ ਸੁਧਾਰਨ ਲਈ ਝਾਰਖੰਡ ਗਿਆ। ਹੋਰ ਪੁੱਛ-ਗਿੱਛ ਕਰਨ 'ਤੇ, ਅਪੁਨੇ ਨੇ ਖੁਲਾਸਾ ਕੀਤਾ ਕਿ ਪਲਾਨ ਏ ਫੇਲ ਹੋਣ 'ਤੇ ਪਲਾਨ ਬੀ ਨੂੰ ਬੈਕਅੱਪ ਵਜੋਂ ਤਿਆਰ ਕੀਤਾ ਗਿਆ ਸੀ। ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਰੁਪੇਸ਼ ਮੋਹੋਲ ਵੀ ਗੋਲੀ ਚਲਾਉਣ ਦਾ ਅਭਿਆਸ ਕਰਨ ਲਈ ਆਪਣੇ ਨਾਲ ਝਾਰਖੰਡ ਗਿਆ ਸੀ।
ਬਾਬਾ ਸਿੱਦੀਕੀ ਕਤਲ ਕੇਸ 'ਚ ਹੋਇਆ ਵੱਡਾ ਖੁਲਾਸਾ (Etv Bharat) 5 ਹੋਰ ਗ੍ਰਿਫ਼ਤਾਰ
ਐਤਵਾਰ ਨੂੰ ਟੀਮ ਨੇ ਕੈਸਰਗੰਜ ਦੇ ਗੰਡਾਰਾ ਇਲਾਕੇ 'ਚ ਰਹਿਣ ਵਾਲੇ ਪੰਜ ਲੋਕਾਂ ਨੂੰ ਚੁੱਕਿਆ। ਇਸ ਤੋਂ ਪਹਿਲਾਂ ਵੀ ਗੰਡਾਰਾ ਤੋਂ ਤਿੰਨ ਮੁਲਜ਼ਮ ਫੜੇ ਜਾ ਚੁੱਕੇ ਹਨ। ਐਤਵਾਰ ਨੂੰ ਯੂਪੀ ਐੱਸਟੀਐੱਫ ਦੇ ਸਬ-ਇੰਸਪੈਕਟਰ ਜਾਵੇਦ ਆਲਮ ਸਿੱਦੀਕੀ ਅਤੇ ਮੁੰਬਈ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਸੁਨੀਲ ਪਵਾਰ ਅਤੇ ਜਤਿੰਦਰ ਭਾਰਤੀ ਦੀ ਅਗਵਾਈ 'ਚ ਬਹਰਾਇਚ ਪਹੁੰਚੀ ਟੀਮ ਬਾਬਾ ਸਿੱਦੀਕੀ ਹੱਤਿਆਕਾਂਡ 'ਚ ਸ਼ਾਮਲ ਮੁਲਜ਼ਮਾਂ ਦੀ ਭਾਲ 'ਚ ਨਾਨਪਾੜਾ ਇਲਾਕੇ 'ਚ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਸ ਕਤਲਾਕਾਂਡ 'ਚ ਸ਼ਾਮਲ ਸ਼ਿਵਕੁਮਾਰ ਉਰਫ ਸ਼ਿਵਾ, ਅਨੁਰਾਗ, ਆਕਾਸ਼ ਸ਼੍ਰੀਵਾਸਤਵ, ਗਿਆਨ ਪ੍ਰਕਾਸ਼ ਤ੍ਰਿਪਾਠੀ ਉਰਫ ਓਮ ਅਤੇ ਅਖਿਲੇਂਦਰ ਪ੍ਰਤਾਪ ਸਿੰਘ ਵਾਸੀ ਗੰਡਾਰਾ ਨੂੰ ਟੀਮ ਨੇ ਹਾਂਡਾ ਬਸ਼ਰੀ ਇਲਾਕੇ ਤੋਂ ਘੇਰ ਕੇ ਗ੍ਰਿਫਤਾਰ ਕਰ ਲਿਆ ਹੈ। ਸਾਰੇ ਮੁਲਜ਼ਮ ਨੇਪਾਲ ਭੱਜਣ ਦੀ ਯੋਜਨਾ ਬਣਾ ਰਹੇ ਸਨ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਸਾਂਝੇ ਆਪਰੇਸ਼ਨ ਦੌਰਾਨ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਕਦੋਂ ਹੋਇਆ ਸੀ ਸਿੱਦੀਕੀ ਦਾ ਕਤਲ
ਦਰਅਸਲ 12 ਅਕਤੂਬਰ ਨੂੰ ਬਾਬਾ ਸਿੱਦੀਕੀ ਦੀ ਬਾਂਦਰਾ ਈਸਟ 'ਚ ਉਨ੍ਹਾਂ ਦੇ ਬੇਟੇ ਵਿਧਾਇਕ ਜੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀ ਛਾਤੀ 'ਤੇ ਦੋ ਗੋਲੀਆਂ ਲੱਗੀਆਂ ਸਨ। ਘਟਨਾ ਤੋਂ ਬਾਅਦ ਸਿੱਦੀਕੀ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ "ਬਾਬਾ ਸਿੱਦੀਕੀ ਦਾ ਕਤਲ ਅਦਾਕਾਰ ਸਲਮਾਨ ਖਾਨ ਨਾਲ ਨਜ਼ਦੀਕੀ ਸਬੰਧਾਂ ਕਾਰਨ ਕੀਤਾ ਗਿਆ"।