ਮਹਾਰਾਸ਼ਟਰ/ਠਾਣੇ—ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਦੁਬਾਰਾ ਮੁੱਖ ਮੰਤਰੀ ਨਹੀਂ ਬਣਨ ਜਾ ਰਹੇ ਹਨ। ਉਨ੍ਹਾਂ ਨੇ ਠਾਣੇ 'ਚ ਪ੍ਰੈੱਸ ਕਾਨਫਰੰਸ ਕਰਕੇ ਭਾਜਪਾ ਦੇ ਮੁੱਖ ਮੰਤਰੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ਼ਿਵ ਸੈਨਾ ਮੁਖੀ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਗੱਲਬਾਤ 'ਚ ਕਿਹਾ ਹੈ ਕਿ ਉਹ ਜੋ ਵੀ ਫੈਸਲਾ ਲੈਣਗੇ, ਉਨ੍ਹਾਂ ਨੂੰ ਸਵੀਕਾਰ ਹੋਵੇਗਾ।
ਸ਼ਿੰਦੇ ਦੇ ਮੁੱਖ ਮੰਤਰੀ ਅਹੁਦੇ ਦੀ ਦੌੜ ਤੋਂ ਦੂਰ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਭਾਜਪਾ ਦਾ ਹੀ ਹੋਵੇਗਾ। ਭਾਜਪਾ ਹਾਈਕਮਾਨ ਨੇ ਦੇਵੇਂਦਰ ਫੜਨਵੀਸ ਨੂੰ ਦਿੱਲੀ ਬੁਲਾਇਆ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਬਹੁਤ ਜਲਦੀ ਹੋ ਸਕਦਾ ਹੈ।
ਮੁੱਖ ਮੰਤਰੀ ਦੇ ਚਿਹਰੇ ਬਾਰੇ ਗੱਲ ਕਰਦੇ ਹੋਏ ਏਕਨਾਸ਼ ਸ਼ਿੰਦੇ ਨੇ ਕਿਹਾ ਕਿ ਭਲਕੇ 28 ਨਵੰਬਰ ਨੂੰ ਅਮਿਤ ਸ਼ਾਹ ਦੀ ਅਗਵਾਈ 'ਚ ਮਹਾਗਠਜੋੜ 'ਚ ਸ਼ਾਮਲ ਤਿੰਨ ਪਾਰਟੀਆਂ ਦੀ ਬੈਠਕ ਹੋਵੇਗੀ। ਜਿਸ ਵਿੱਚ ਵਿਸਥਾਰਪੂਰਵਕ ਚਰਚਾ ਹੋਵੇਗੀ ਅਤੇ ਉਸ ਤੋਂ ਬਾਅਦ ਸੀ.ਐਮ ਬਾਰੇ ਫੈਸਲਾ ਲਿਆ ਜਾਵੇਗਾ।
ਸ਼ਿੰਦੇ ਦੀ ਪ੍ਰੈਸ ਕਾਨਫਰੰਸ ਦੀਆਂ ਅਹਿਮ ਗੱਲਾਂ
- ਮੈਂ ਹਮੇਸ਼ਾ ਇੱਕ ਕਾਰਕੁਨ ਵਜੋਂ ਕੰਮ ਕੀਤਾ ਹੈ। ਮੈਂ ਕਦੇ ਆਪਣੇ ਆਪ ਨੂੰ ਮੁੱਖ ਮੰਤਰੀ ਨਹੀਂ ਮੰਨਿਆ।
- ਸੀਐਮ ਦਾ ਮਤਲਬ ਆਮ ਆਦਮੀ ਹੈ, ਮੈਂ ਇਸ ਸੋਚ ਨਾਲ ਕੰਮ ਕੀਤਾ ਹੈ।
- ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਜੇਕਰ ਮੇਰੇ ਕਾਰਨ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਚ ਕੋਈ ਦਿੱਕਤ ਹੈ ਤਾਂ ਆਪਣੇ ਮਨ 'ਚ ਕੋਈ ਸ਼ੱਕ ਨਾ ਲਿਆਓ ਅਤੇ ਉਹ ਜੋ ਵੀ ਫੈਸਲਾ ਲੈਣ, ਉਹ ਫੈਸਲਾ ਮੈਨੂੰ ਮਨਜ਼ੂਰ ਹੈ।
- ਮੈਂ ਪੀਐਮ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕੀਤਾ ਹੈ ਅਤੇ ਕਿਹਾ ਹੈ ਕਿ ਮੇਰੇ ਕਾਰਨ ਸਰਕਾਰ ਬਣਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।
- ਮਹਾਯੁਤੀ ਵੱਲੋਂ ਜੋ ਵੀ ਮੁੱਖ ਮੰਤਰੀ ਚੁਣਿਆ ਜਾਵੇਗਾ ਸ਼ਿਵ ਸੈਨਿਕ ਸਮਰਥਨ ਕਰਨਗੇ।
- ਪੀਐਮ ਮੋਦੀ ਅਤੇ ਅਮਿਤ ਸ਼ਾਹ ਨੇ ਇੱਕ ਆਮ ਸ਼ਿਵ ਸੈਨਿਕ ਨੂੰ ਮੁੱਖ ਮੰਤਰੀ ਬਣਾਉਣ ਦਾ ਬਾਲਾ ਸਾਹਿਬ ਠਾਕਰੇ ਦਾ ਸੁਪਨਾ ਪੂਰਾ ਕੀਤਾ ਹੈ।
- ਅਸੀਂ ਨਾਰਾਜ਼ ਹੋਣ ਵਾਲੇ ਲੋਕ ਨਹੀਂ ਹਾਂ। ਸਰਕਾਰ ਬਣਾਉਣ ਵਿੱਚ ਸਾਡੇ ਵੱਲੋਂ ਕੋਈ ਰੁਕਾਵਟ ਨਹੀਂ ਹੈ।
- ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਚ ਸਾਡੇ ਵੱਲੋਂ ਕੋਈ ਸਮੱਸਿਆ ਨਹੀਂ ਹੈ।
- ਭਾਜਪਾ ਦੇ ਸੀਨੀਅਰ ਆਗੂ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਜੋ ਵੀ ਫੈਸਲਾ ਲੈਣਗੇ, ਸ਼ਿਵ ਸੈਨਾ ਉਸ ਦਾ ਪੂਰਾ ਸਮਰਥਨ ਕਰੇਗੀ।
- ਮੈਂ ਪਿਛਲੇ ਢਾਈ ਸਾਲਾਂ ਵਿੱਚ ਸੂਬੇ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਇਸੇ ਰਫ਼ਤਾਰ ਨਾਲ ਕੰਮ ਕਰਾਂਗੇ।