ਹੈਦਰਾਬਾਦ:ਇਨ੍ਹੀਂ ਦਿਨੀਂ ਪੂਰੇ ਦੇਸ਼ 'ਚ ਗਰਮੀ ਦਾ ਕਹਿਰ ਆਪਣੇ ਸਿਖਰ 'ਤੇ ਹੈ। ਕੜਕਦੀ ਧੁੱਪ ਕਾਰਨ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਹੈ। ਜੇਕਰ ਤੇਲੰਗਾਨਾ ਦੀ ਗੱਲ ਕਰੀਏ ਤਾਂ ਇੱਥੇ ਵੀ ਗਰਮੀ ਨਾਲ ਬੁਰੇ ਹਾਲ ਰਹੇ ਹਨ। ਮੰਗਲਵਾਰ, 7 ਮਈ ਨੂੰ, ਮੌਸਮ ਨੇ ਅਚਾਨਕ ਕਰਵਟ ਲਿਆ ਅਤੇ ਭਾਰੀ ਮੀਂਹ ਪਿਆ। ਮੀਂਹ ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ, ਉਥੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸਿਆ ਗਿਆ ਹੈ ਕਿ ਭਾਰੀ ਮੀਂਹ ਕਾਰਨ ਹੈਦਰਾਬਾਦ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਜਾਮ ਹੋ ਗਿਆ।
ਕੰਧ ਡਿੱਗਣ ਕਾਰਨ 7 ਮੌਤਾਂ: ਦੱਸ ਦਈਏ ਕਿ ਮੰਗਲਵਾਰ ਨੂੰ ਹੈਦਰਾਬਾਦ 'ਚ ਭਾਰੀ ਮੀਂਹ ਕਾਰਨ ਬਚੂਪੱਲੀ ਇਲਾਕੇ ਦੀ ਰੇਣੁਕਾ ਇਲੰਮਾ ਕਾਲੋਨੀ 'ਚ ਕੰਧ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ। ਹਾਦਸਾ ਹੁੰਦੇ ਹੀ ਪੂਰੇ ਇਲਾਕੇ 'ਚ ਭਗਦੜ ਮੱਚ ਗਈ। ਸਥਾਨਕ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਹੁਣ ਤੱਕ ਮਿਲੀ ਖ਼ਬਰ ਹੈ ਕਿ ਦੇਰ ਰਾਤ ਤੋਂ ਜਾਰੀ ਬਚਾਅ ਕਾਰਜ ਬੁੱਧਵਾਰ ਸਵੇਰ ਤੱਕ ਜਾਰੀ ਹੈ।