ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਹੋਏ ਸਰਸਵਤੀ ਵਿਹਾਰ ਮਾਮਲੇ 'ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਮੰਗਲਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਹ ਫੈਸਲਾ ਸੁਣਾਇਆ। ਅਦਾਲਤ ਨੇ 12 ਫਰਵਰੀ ਨੂੰ ਹੀ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਸ਼ਿਕਾਇਤਕਰਤਾ ਨੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਕੀਤੀ ਸੀ ਮੰਗ
ਇਸ ਮਾਮਲੇ ਵਿੱਚ ਸੀਬੀਆਈ ਅਤੇ ਸ਼ਿਕਾਇਤਕਰਤਾ ਨੇ ਸੱਜਣ ਕੁਮਾਰ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਮਾਮਲਾ 1 ਨਵੰਬਰ 1984 ਦਾ ਹੈ, ਜਿਸ ਵਿੱਚ ਪੱਛਮੀ ਦਿੱਲੀ ਦੇ ਰਾਜ ਨਗਰ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸ਼ਾਮ ਕਰੀਬ 4-30 ਵਜੇ ਦੰਗਾਕਾਰੀਆਂ ਦੀ ਭੀੜ ਨੇ ਰਾਜ ਨਗਰ ਇਲਾਕੇ 'ਚ ਪੀੜਤਾਂ ਦੇ ਘਰ 'ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾਵਾਂ ਦੇ ਅਨੁਸਾਰ, ਇਸ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਹੇ ਸਨ, ਜੋ ਉਸ ਸਮੇਂ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਸਨ।
'ਸੱਜਣ ਕੁਮਾਰ ਨੇ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ ਸੀ'
ਸ਼ਿਕਾਇਤ ਅਨੁਸਾਰ ਸੱਜਣ ਕੁਮਾਰ ਨੇ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ ਸੀ, ਜਿਸ ਤੋਂ ਬਾਅਦ ਭੀੜ ਨੇ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਸੀ। ਭੀੜ ਨੇ ਪੀੜਤਾਂ ਦੇ ਘਰਾਂ ਵਿੱਚ ਭੰਨਤੋੜ, ਲੁੱਟਮਾਰ ਅਤੇ ਅੱਗਜ਼ਨੀ ਨੂੰ ਵੀ ਅੰਜਾਮ ਦਿੱਤਾ। ਤਤਕਾਲੀ ਰੰਗਨਾਥ ਮਿਸ਼ਰਾ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਅੱਗੇ ਸ਼ਿਕਾਇਤਕਰਤਾ ਵੱਲੋਂ ਦਿੱਤੇ ਹਲਫ਼ਨਾਮੇ ਦੇ ਆਧਾਰ 'ਤੇ ਉੱਤਰੀ ਜ਼ਿਲ੍ਹੇ ਦੇ ਸਰਸਵਤੀ ਵਿਹਾਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ।
'ਚੰਗਾ ਹੁੰਦਾ ਜੇਕਰ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ'
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ, "ਸਾਨੂੰ ਦੁੱਖ ਹੈ ਕਿ ਸੱਜਣ ਕੁਮਾਰ ਵਰਗੇ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਮੇਰਾ ਮੰਨਣਾ ਹੈ ਕਿ ਚੰਗਾ ਹੁੰਦਾ ਜੇਕਰ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਅਤੇ ਅਸੀਂ ਸੰਤੁਸ਼ਟ ਹੁੰਦੇ... 41 ਸਾਲਾਂ ਬਾਅਦ, ਭਾਵੇਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਮੈਂ ਅਦਾਲਤ ਦੇ ਫੈਸਲੇ ਦਾ ਸਨਮਾਨ ਕੀਤਾ ਹੈ।"
"ਅਸੀਂ ਮੌਤ ਦੀ ਸਜ਼ਾ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕਰਾਂਗੇ"
ਦਿੱਲੀ ਸਿੱਖ ਆਗੂ ਗੁਰਲਾਡ ਸਿੰਘ ਨੇ ਕਿਹਾ, "ਅਸੀਂ ਮੌਤ ਦੀ ਸਜ਼ਾ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕਰਾਂਗੇ। ਅਸੀਂ ਅਦਾਲਤ ਦੇ ਫੈਸਲੇ ਤੋਂ ਖੁਸ਼ ਨਹੀਂ ਹਾਂ। ਅਸੀਂ ਸਰਕਾਰ ਨੂੰ ਹਾਈ ਕੋਰਟ ਵਿੱਚ ਜਾ ਕੇ ਸੱਜਣ ਕੁਮਾਰ ਦੀ ਮੌਤ ਦੀ ਸਜ਼ਾ ਦਾ ਐਲਾਨ ਕਰਨ ਦੀ ਅਪੀਲ ਕਰਾਂਗੇ..."
ਐਡਵੋਕੇਟ ਐਚਐਸ ਫੂਲਕਾ ਦਾ ਕਹਿਣਾ ਹੈ, "ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਦੋ ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ- ਜਿਸ ਵਿੱਚ ਕਤਲ ਅਤੇ ਘਰਾਂ ਨੂੰ ਅੱਗ ਲਗਾਉਣਾ... , ਜੱਜ ਨੇ ਲਿਖਿਆ ਹੈ ਕਿ ਫਾਂਸੀ ਦੀ ਸਜ਼ਾ ਇਸ ਕਰਕੇ ਨਹੀਂ ਦਿੱਤੀ ਗਈ ਹੈ ਕਿਉਂਕਿ ਸੱਜਣ ਕੁਮਾਰ 80 ਸਾਲ ਦਾ ਹੈ ਅਤੇ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਹੈ... ਜੱਜ ਨੇ ਵੱਧ ਤੋਂ ਵੱਧ ਸੰਭਵ ਕੈਦ ਦੀ ਸਜ਼ਾ ਸੁਣਾਈ ਹੈ..."
ਕਦੋਂ ਕੀ ਹੋਇਆ ?
1 ਨਵੰਬਰ 1984: ਸਰਸਵਤੀ ਵਿਹਾਰ ਵਿੱਚ ਜਸਵੰਤ ਸਿੰਘ ਅਤੇ ਤਰੁਣਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ਖ਼ਿਲਾਫ਼ ਪੰਜਾਬੀ ਬਾਗ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
16 ਦਸੰਬਰ 2021: ਪੁਲਿਸ ਜਾਂਚ ਨੂੰ ਧਿਆਨ ਵਿੱਚ ਰੱਖਦੇ ਹੋਏ, ਅਦਾਲਤ ਨੇ ਸੱਜਣ ਵਿਰੁੱਧ ਦੋਸ਼ ਆਇਦ ਕੀਤੇ ਸਨ। ਇਸ ਦੌਰਾਨ ਪੀੜਤ ਦੇ ਵਕੀਲ ਨੇ ਦਲੀਲ ਦਿੱਤੀ ਸੀ, "ਵਕੀਲ ਨੇ ਕਿਹਾ ਸੀ ਕਿ ਭੀੜ ਖਤਰਨਾਕ ਹਥਿਆਰਾਂ ਨਾਲ ਸਰਸਵਤੀ ਵਿਹਾਰ 'ਚ ਦਾਖਲ ਹੋਈ। ਉਨ੍ਹਾਂ ਨੇ ਲੁੱਟਮਾਰ, ਅੱਗਜ਼ਨੀ ਅਤੇ ਭੰਨ-ਤੋੜ ਸ਼ੁਰੂ ਕਰ ਦਿੱਤੀ। ਉਹ ਸਿੱਖਾਂ ਦੀਆਂ ਜਾਇਦਾਦਾਂ 'ਤੇ ਹਮਲੇ ਕਰ ਰਹੇ ਸਨ। ਉਹ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈ ਰਹੇ ਸਨ। ਭੀੜ ਨੇ ਜਸਵੰਤ ਦੇ ਘਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਪੁੱਤਰ ਦੇ ਘਰ ਨੂੰ ਅੱਗ ਲਗਾ ਦਿੱਤੀ।"
12 ਫਰਵਰੀ 2025:ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਫੈਸਲਾ ਸੁਣਾਇਆ - ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਸੱਜਣ ਕੁਮਾਰ ਨਾ ਸਿਰਫ ਭੀੜ ਵਿੱਚ ਸ਼ਾਮਿਲ ਸੀ ਬਲਕਿ ਭੀੜ ਦੀ ਅਗਵਾਈ ਵੀ ਕਰ ਰਿਹਾ ਸੀ।
ਪਹਿਲਾਂ ਵੀ ਤਿੰਨ ਵਾਰ ਟਲ ਚੁੱਕਿਆ ਸੀ ਫੈਸਲਾ
31 ਜਨਵਰੀ 2025 ਨੂੰ ਹੋਈ ਸੁਣਵਾਈ ਦੌਰਾਨ ਰੌਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ 'ਤੇ ਫੈਸਲਾ ਟਾਲ ਦਿੱਤਾ ਸੀ। ਇਸ ਤੋਂ ਪਹਿਲਾਂ 8 ਜਨਵਰੀ ਅਤੇ 16 ਦਸੰਬਰ 2024 ਨੂੰ ਵੀ ਫੈਸਲਾ ਟਾਲ ਦਿੱਤਾ ਗਿਆ ਸੀ। ਦੋਵੇਂ ਵਾਰ ਤਿਹਾੜ 'ਚ ਬੰਦ ਸੱਜਣ ਕੁਮਾਰ ਵੀਡੀਓ ਕਾਨਫਰੰਸ ਰਾਹੀਂ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਦਾਲਤ 'ਚ ਪੇਸ਼ ਹੋਇਆ।
ਦਸੰਬਰ 2021 'ਚ ਸੱਜਣ ਕੁਮਾਰ ਨੇ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਮੁਕੱਦਮੇ ਦਾ ਸਾਹਮਣਾ ਕਰੇਗਾ। ਮੁਕੱਦਮੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਉਸ ਵਿਰੁੱਧ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਗਏ।