ਨਵੀਂ ਦਿੱਲੀ: 'ਆਪ' ਨੇਤਾ ਸੰਜੇ ਸਿੰਘ ਅੱਜ ਯਾਨੀ ਸੋਮਵਾਰ ਨੂੰ ਸਹੁੰ ਨਹੀਂ ਚੁੱਕਣਗੇ, ਕਿਉਂਕਿ ਰਾਜ ਸਭਾ ਦੇ ਚੇਅਰਮੈਨ ਨੇ ਸੰਜੇ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਚੇਅਰਮੈਨ ਨੇ ਕਿਹਾ ਕਿ ਫਿਲਹਾਲ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਹੈ। ਰਾਜ ਸਭਾ ਜਾਣ ਲਈ ਸੰਜੇ ਸਿੰਘ ਦਿੱਲੀ ਦੇ ਰਾਊਜ਼ ਐਵਿਨਿਊ ਕੋਰਟ ਤੋਂ ਖਾਸ ਆਗਿਆ ਲੈ ਕੇ ਆਏ ਸਨ, ਪਰ ਹੁਣ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਰੋਕ ਦਿੱਤਾ ਗਿਆ ਹੈ।
ਅਦਾਲਤ ਨੇ ਦਿੱਤੀ ਸੀ ਸਹੁੰ ਚੁੱਕਣ ਦੀ ਆਗਿਆ: ਦੱਸ ਦਈਏ ਕਿ ਸੰਜੇ ਸਿੰਘ ਫਿਲਹਾਲ, ਦਿੱਲੀ ਸ਼ਰਾਬ ਘੁਟਾਲਾ ਮਾਮਲੇ ਨਾਲ ਜੁੜੇ ਮਨੀ ਲਾਂਡਰਿਗ ਮਾਮਲੇ ਵਿੱਚ ਜੇਲ੍ਹ 'ਚ ਬੰਦ ਹਨ। ਇੱਕ ਫ਼ਰਵਰੀ ਨੂੰ ਸੰਜੇ ਸਿੰਘ ਨੇ ਅੰਤਰਿਮ ਜ਼ਮਾਨਤ ਪਟੀਸ਼ਨ ਲਈ ਅਦਾਲਤ ਦਾ ਰੁਖ਼ ਕੀਤਾ। ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਖਾਰਿਜ ਕਰ ਦਿੱਤੀ, ਪਰ ਉਨ੍ਹਾਂ ਨੂੰ ਇੱਕ ਰਾਹਤ ਵੀ ਦਿੱਤੀ। ਅਦਾਲਤ ਨੇ ਸੰਜੇ ਸਿੰਘ ਨੂੰ ਜੇਲ੍ਹ ਤੋਂ ਬਾਹਰ ਜਾ ਕੇ ਸਹੁੰ ਚੁੱਕਣ ਦੀ ਆਗਿਆ ਦਿੱਤੀ ਸੀ। ਪਰ, ਹੁਣ ਰਾਜ ਸਭਾ ਵਿੱਚ ਸੰਜੇ ਸਿੰਘ ਨੂੰ ਸਹੁੰ ਚੁੱਕਣ ਤੋਂ ਰੋਕ ਦਿੱਤਾ ਗਿਆ ਹੈ।
ਜੇਲ੍ਹ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਸੀ ਨਿਰਦੇਸ਼:ਇਸ ਤੋਂ ਪਹਿਲਾਂ ਰਾਊਜ਼ ਐਵਨਿਊ ਕੋਰਟ ਦੇ ਸਪੈਸ਼ਲ ਜਜ ਐਮਕੇ ਨਾਗਪਾਲ ਨੇ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਲੈਣ ਦੀ ਆਗਿਆ ਦਿੱਤੀ ਸੀ। ਇਸ ਦੌਰਾਨ ਜੇਲ੍ਹ ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਸਨ ਕਿ ਸੰਜੇ ਨੂੰ ਸਵੇਰੇ 10 ਵਜੇ ਸੰਸਦ ਲੈ ਜਾਣਾ ਹੈ। ਜ਼ਿਕਰਯੋਗ ਹੈ ਕਿ 22 ਦਸੰਬਰ, 2023 ਨੂੰ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਸੀ। ਕੋਰਟ ਨੇ ਕਿਹਾ ਸੀ ਕਿ ਜੋ ਤੱਥ ਰਿਕਾਰਡ ਕਰ ਕੇ ਰੱਖੇ ਗਏ ਹਨ, ਉਹ ਕੋਰਟ ਲਈ ਇਹ ਮੰਨਣ ਲਈ ਪੂਰੇ ਹਨ ਕਿ ਸੰਜੇ ਸਿੰਘ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ੀ ਹੈ।
ਸ਼ਰਾਬ ਘੁਟਾਲਾ ਮਾਮਲੇ 'ਚ ਹੋਈ ਗ੍ਰਿਫਤਾਰੀ : ਸੰਜੇ ਸਿੰਘ ਦਿੱਲੀ ਆਬਕਾਰੀ ਨੀਤੀ ਵਿੱਚ ਈਡੀ ਦੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਅਕਤੂਬਰ ਤੋਂ ਜੇਲ੍ਹ ਵਿੱਚ ਹੈ। ਸੰਜੇ ਸਿੰਘ ਨੂੰ 4 ਜਨਵਰੀ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਲਈ ਨਾਮਜ਼ਦਗੀ ਦਾਖ਼ਲ ਕਰਨ ਅਤੇ 10 ਜਨਵਰੀ ਨੂੰ ਮੈਂਬਰਸ਼ਿਪ ਸਰਟੀਫਿਕੇਟ ਲੈਣ ਲਈ ਰਿਟਰਨਿੰਗ ਅਫ਼ਸਰ ਕੋਲ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਕੇਂਦਰੀ ਏਜੰਸੀ ਇਸ ਮਾਮਲੇ ਵਿੱਚ ਕਥਿਤ ਮਨੀ ਲਾਂਡਰਿੰਗ ਦੀ ਜਾਂਚ ਕਰ ਰਹੀ ਹੈ। ਸੰਜੇ ਸਿੰਘ ਦੇ ਪਾਰਟੀ ਸਹਿਯੋਗੀ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਇਸੇ ਮਾਮਲੇ ਵਿੱਚ ਪਿਛਲੇ ਸਾਲ ਮਾਰਚ ਤੋਂ ਜੇਲ੍ਹ ਵਿੱਚ ਹਨ।