ਨਵੀਂ ਦਿੱਲੀ: ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਗੇਟ ਨੰਬਰ ਦੋ ਦੇ ਐਂਟਰੀ 'ਤੇ ਸ਼ਨੀਵਾਰ ਨੂੰ ਪੰਡਾਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੇਡੀਅਮ ਦੇ ਗੇਟ ਨੰਬਰ ਦੋ ਦੇ ਕੋਲ ਲਾਅਨ ਵਿੱਚ ਕੰਮ ਚੱਲ ਰਿਹਾ ਹੈ, ਜਿੱਥੇ ਉਸਾਰੀ ਦੌਰਾਨ ਇੱਕ ਹਿੱਸਾ ਡਿੱਗ ਗਿਆ। ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ, ਜਿੱਥੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
10 ਤੋਂ 12 ਲੋਕ ਜ਼ਖਮੀ ਹੋ ਗਏ:ਜਾਣਕਾਰੀ ਅਨੁਸਾਰ ਪੰਡਾਲ ਦੇ ਹੇਠਾਂ 10 ਤੋਂ 12 ਵਿਅਕਤੀ ਦੱਬੇ ਹੋਏ ਹਨ। ਡੀਸੀਪੀ ਅੰਕਿਤ ਚੌਹਾਨ ਨੇ ਦੱਸਿਆ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਅੰਦਰ ਗੇਟ ਨੰਬਰ ਦੋ ਨੇੜੇ ਵਿਆਹ ਲਈ ਪੰਡਾਲ ਬਣਾਇਆ ਜਾ ਰਿਹਾ ਸੀ। ਪੰਡਾਲ ਡਿੱਗਣ ਕਾਰਨ ਉਥੇ ਕੰਮ ਕਰ ਰਹੇ ਲੋਕ ਢਾਂਚੇ ਹੇਠ ਦੱਬ ਗਏ। ਸਾਰਿਆਂ ਨੂੰ ਉੱਥੋਂ ਕੱਢ ਕੇ ਇਲਾਜ ਲਈ ਏਮਜ਼ ਟਰਾਮਾ ਸੈਂਟਰ ਭੇਜ ਦਿੱਤਾ ਗਿਆ ਹੈ। ਫਿਲਹਾਲ ਡਿੱਗੇ ਹੋਏ ਢਾਂਚੇ ਦੇ ਹੇਠਾਂ ਸਰਚ ਆਪਰੇਸ਼ਨ ਜਾਰੀ ਹੈ।
ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਪੰਡਾਲ ਡਿੱਗਣ ਦੀ ਘਟਨਾ 'ਚ ਜ਼ਖਮੀਆਂ ਨੂੰ ਨੇੜਲੇ ਸਫਦਰਜੰਗ ਹਸਪਤਾਲ ਅਤੇ ਏਮਜ਼ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਸਟੇਡੀਅਮ 'ਚ ਵੀ ਰਾਹਤ ਕਾਰਜ ਜਾਰੀ ਹਨ।