ਅੰਮ੍ਰਿਤਸਰ : 17 ਜਨਵਰੀ ਨੂੰ ਦੇਸ਼ ਭਰ 'ਚ ਰਿਲੀਜ਼ ਹੋਣ ਜਾ ਰਹੀ ਕੰਗਣਾ ਰਨੌਤ ਦੀ ਫਿਲਮ ਐਮਰਜੈਂਸੀ ਦਾ ਪੰਜਾਬ ਵਿੱਚ ਵਿਰੋਧ ਜਾਰੀ ਹੈ। ਐੱਸਜੀਪੀਸੀ ਦੇ ਵਫਦ ਵੱਲੋਂ ਅੱਜ ਅੰਮ੍ਰਿਤਸਰ ਡੀਸੀ ਦਫਤਰ ਵਿਖੇ ਪਹੁੰਚ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਫਿਲਮ 'ਤੇ ਰੋਕ ਲਗਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਗਿਆ ਹੈ ਤਾਂ ਜੋ ਪੰਜਾਬ ਵਿੱਚ ਸਿੱਖ ਵਿਰੋਧੀ ਫਿਲਮ ਨਾ ਲੱਗੇ ਅਤੇ ਨਾ ਹੀ ਪੰਜਾਬ ਦੇ ਮਹੌਲ ਉੱਤੇ ਕੋਈ ਅਸਰ ਹੋਵੇ।
'ਪੰਜਾਬ ਸਰਕਾਰ ਨੇ ਨਹੀਂ ਚੁੱਕੇ ਠੋਸ ਕਦਮ'
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਐਮਰਜੈਂਸੀ ਫਿਲਮ ਪੰਜਾਬ ਅੰਦਰ ਨਹੀਂ ਚੱਲਣ ਦਿੱਤੀ ਜਾਵੇਗੀ, ਕਿਉਂਕਿ ਇਹ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਨੀਤੀਗਤ ਢੰਗ ਨਾਲ ਬਣਾਈ ਗਈ ਹੈ। ਇਸ ਮਤੇ ਰਾਹੀਂ ਸੂਬਾ ਸਰਕਾਰ ਪਾਸੋਂ ਪੰਜਾਬ ਭਰ ਵਿੱਚ ਇਸ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਹੈ ਪਰੰਤੂ ਦੁੱਖ ਦੀ ਗੱਲ ਹੈ ਕਿ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਤੱਕ ਕੋਈ ਕਦਮ ਨਹੀਂ ਉਠਾਇਆ। ਜੇਕਰ 17 ਜਨਵਰੀ 2025 ਨੂੰ ਇਹ ਫਿਲਮ ਰਲੀਜ਼ ਹੁੰਦੀ ਹੈ, ਤਾਂ ਇਸ ਨਾਲ ਸਿੱਖ ਜਗਤ ਅੰਦਰ ਰੋਸ ਪੈਦਾ ਹੋਣਾ ਕੁਦਰਤੀ ਹੈ।
ਐਮਰਜੈਂਸੀ ਨੂੰ ਲੈ ਕੇ ਵਿਵਾਦ ਕੀ ਹੈ?
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਦੀ ਫਿਲਮ ਨੂੰ ਲੈਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਇਸ ਫਿਲਮ ਵਿੱਚ ਕੰਗਣਾ ਰਣੌਤ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੁਮਿਕਾ ਨਿਭਾਅ ਰਹੀ ਹੈ ਅਤੇ ਇਹ ਫਿਲਮ ਪਹਿਲਾਂ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਜਥੇਬੰਦੀਆਂ ਦੇ ਵਿਰੋਧ ਤੋਂ ਬਾਅਦ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਫਿਲਮ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਕੀਤਾ ਗਿਆ ਸੀ ਜਿਸ ਵਿੱਚ ਸਿੱਖਾਂ ਪ੍ਰਤੀ ਨਕਾਰਤਮਕ ਰਵਈਆ ਦਿਖਾਇਆ ਗਿਆ ਸੀ। ਇਸ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਦ੍ਰਿਸ਼ ਦਿਖਾਉਣ ਦੇ ਨਾਲ ਨਾਲ ਦਲ ਖਾਲਸਾ ਦੇ ਮੁਖੀ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਵੀ ਨਕਾਰਤਮਕ ਰੂਪ ਵਿੱਚ ਵਿਖਾਇਆ ਗਿਆ ਸੀ ਜਿਸ ਤੋਂ ਸਿੱਖ ਜਥੇਬੰਦੀਆਂ ਆਹਤ ਹੋ ਗਈਆਂ। ਪੰਜਾਬ ਵਿੱਚ ਇਸ ਫਿਲਮ ਦੇ ਖਿਲਾਫ ਪ੍ਰਦਰਸ਼ਨ ਹੋਏ ਅਤੇ ਇਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਸੈਂਸਰ ਬੋਰਡ ਵੱਲੋਂ ਇਤਰਾਜ਼ ਕੀਤੇ ਗਏ ਕੁੱਝ ਦ੍ਰਿਸ਼ਾਂ ਨੂੰ ਫਿਲਮ ਵਿੱਚੋਂ ਹਟਵਾਇਆ ਗਿਆ, ਜਿਸ ਪਿੱਛੋਂ ਹੁਣ ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।