ਰਾਊਰਕੇਲਾ/ਝਾਰਸੁਗੁਡਾ:ਉੜੀਸਾ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਚ ਮੁਲਜ਼ਮ ਜੇਲ ਤੋਂ ਜ਼ਮਾਨਤ 'ਤੇ ਬਾਹਰ ਆਇਆ ਅਤੇ ਪੀੜਤਾ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪਹਿਲਾਂ ਲਾਸ਼ ਦੇ ਕਈ ਟੁਕੜੇ ਕੀਤੇ ਅਤੇ ਫਿਰ ਉਨ੍ਹਾਂ ਟੁਕੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ ਅਗਸਤ 'ਚ ਸੁੰਦਰਗੜ੍ਹ ਜ਼ਿਲੇ 'ਚ ਬਲਾਤਕਾਰ ਦੇ ਮੁਲਜ਼ਮ ਕੁਨੂੰ ਕਿਸ਼ਨ ਨੂੰ ਇਕ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।
ਸੀਸੀਟੀਵੀ 'ਚ ਦੇਖਿਆ ਗਿਆ ਪੀੜਤ
ਪੀੜਤਾ ਨੇ ਧਾਰੂਡੀਹ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਨਾਲ ਹੀ ਪਿਛਲੇ ਸਾਲ ਦਸੰਬਰ 'ਚ ਮੁਲਜ਼ਮ ਜੇਲ 'ਚੋਂ ਰਿਹਾਅ ਹੋ ਗਿਆ ਸੀ। ਝਾਰਸੁਗੁੜਾ ਦੇ ਐਸਪੀ ਪਰਮਾਰ ਸਮਿਤ ਪੁਰਸ਼ੋਤਮਦਾਸ ਨੇ ਦੱਸਿਆ ਕਿ ਇਸ ਮਹੀਨੇ ਦੀ 7 ਤਰੀਕ ਨੂੰ ਪੀੜਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਜਦੋਂ ਜਾਂਚ ਕੀਤੀ ਗਈ ਤਾਂ ਸੀਸੀਟੀਵੀ ਵਿਚ ਪਾਇਆ ਗਿਆ ਕਿ ਉਹ ਦੋ ਵਿਅਕਤੀਆਂ ਨਾਲ ਬਾਈਕ 'ਤੇ ਜਾ ਰਹੀ ਸੀ। ਬਾਈਕ ਸਵਾਰ ਦੋਵੇਂ ਲੜਕਿਆਂ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਸਨ।
ਮੁਲਜ਼ਮ ਨੇ ਕਬੂਲਿਆ ਜੁਰਮ
ਹਾਲਾਂਕਿ ਪੀੜਤਾ ਸੁੰਦਰਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਪਰ ਉਹ ਝਾਰਸੁਗੁਡਾ ਸ਼ਹਿਰ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਸੀ। ਐਸਪੀ ਨੇ ਇਹ ਵੀ ਦੱਸਿਆ ਕਿ ਏਆਈ ਤਕਨੀਕ ਰਾਹੀਂ ਅਸੀਂ ਸੁੰਦਰਗੜ੍ਹ ਵਿੱਚ ਮੁਲਜ਼ਮਾਂ ਦਾ ਪਤਾ ਲਗਾਇਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਲੜਕੀ ਦਾ ਕਤਲ ਕਰਕੇ ਉਸ ਦੇ ਸਰੀਰ ਦੇ ਅੰਗ ਦੋ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਰਾਉਰਕੇਲਾ ਅਤੇ ਦੇਵਗੜ੍ਹ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ 143 'ਤੇ ਤੇਜ਼ਧਾਰ ਚਾਕੂ ਨਾਲ ਪੀੜਤਾ ਦਾ ਗਲਾ ਵੱਢ ਦਿੱਤਾ ਅਤੇ ਉਸ ਦੇ ਸਰੀਰ ਦੇ ਅੰਗ ਬ੍ਰਾਹਮਣੀ ਨਦੀ ਦੇ ਤਰਕੇਰਾ ਡਰੇਨ ਅਤੇ ਬਲੂਘਾਟ ਵਿੱਚ ਸੁੱਟ ਦਿੱਤੇ।
ਪੁਲਿਸ ਨੇ ਬਰਾਮਦ ਕੀਤੇ ਅੰਗ
ਪੁਲਿਸ ਨੇ ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓਡੀਆਰਏਐਫ) ਦੀ ਮਦਦ ਨਾਲ ਸਰੀਰ ਦੇ ਅੰਗਾਂ ਨੂੰ ਲੱਭਣ ਲਈ ਬ੍ਰਾਹਮਣੀ ਨਦੀ 'ਤੇ ਤਲਾਸ਼ੀ ਮੁਹਿੰਮ ਚਲਾਈ। ਐਸਪੀ ਨੇ ਦੱਸਿਆ ਕਿ ਇੱਕ ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਲੜਕੀ ਦੇ ਸਿਰ ਸਮੇਤ ਸਰੀਰ ਦੇ ਅੰਗ ਬਰਾਮਦ ਕੀਤੇ ਗਏ।
ਮੁਲਜ਼ਮ ਤੇ ਉਸ ਦੇ ਸਾਥੀ ਨੂੰ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਮੁਲਜ਼ਮ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪਿਛਲੇ ਸਾਲ ਦਸੰਬਰ ਵਿੱਚ ਜਦੋਂ ਤੋਂ ਜ਼ਮਾਨਤ ’ਤੇ ਜੇਲ੍ਹ ਵਿੱਚੋਂ ਰਿਹਾਅ ਹੋਇਆ ਸੀ, ਉਦੋਂ ਤੋਂ ਹੀ ਲੜਕੀ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ ਤਾਂ ਜੋ ਉਹ ਅਦਾਲਤ ਵਿੱਚ ਆਪਣਾ ਬਿਆਨ ਨਾ ਦੇ ਸਕੇ। ਅਧਿਕਾਰੀ ਨੇ ਕਿਹਾ ਕਿ ਉਸਨੂੰ ਡਰ ਸੀ ਕਿ ਜੇਕਰ ਪੀੜਤਾ ਅਦਾਲਤ ਵਿੱਚ ਗਵਾਹੀ ਦਿੰਦੀ ਹੈ ਤਾਂ ਉਸਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਸਕਦਾ ਹੈ ਅਤੇ ਇਸ ਲਈ ਉਸਨੇ ਯੋਜਨਾ ਨੂੰ ਅੰਜਾਮ ਦੇਣ ਲਈ ਆਪਣੇ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਬਦਲ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਅਤੇ ਪੀੜਤਾ ਕਾਫੀ ਸਮੇਂ ਤੋਂ ਇਕ ਦੂਜੇ ਨੂੰ ਜਾਣਦੇ ਸਨ।