ਮੁੰਬਈ— ਕੁਵੈਤ ਤੋਂ ਕਿਸ਼ਤੀ ਰਾਹੀਂ ਮੁੰਬਈ ਪਹੁੰਚੇ ਤਿੰਨ ਲੋਕਾਂ ਨੂੰ ਪੁਲਿਸ ਨੇ ਬੁੱਧਵਾਰ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਕਿਸ਼ਤੀ ਰਾਹੀਂ ਮੁੰਬਈ ਪਹੁੰਚੇ ਤਿੰਨ ਲੋਕਾਂ ਨੇ 'ਗੇਟਵੇਅ ਆਫ ਇੰਡੀਆ' 'ਤੇ ਕਿਸ਼ਤੀ ਨੂੰ ਰੋਕਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ 'ਚ ਪਹਿਲੀ ਨਜ਼ਰੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਕਿਸ਼ਤੀ ਰਾਹੀਂ ਆਏ ਤਿੰਨੋਂ ਲੋਕ ਤਾਮਿਲਨਾਡੂ ਦੇ ਰਹਿਣ ਵਾਲੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਮੁਲਜ਼ਮ ਨੂੰ 10 ਫਰਵਰੀ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਦਾ ਪਤਾ ਲੱਗਣ ਤੋਂ ਬਾਅਦ ਕੋਲਾਬਾ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਭਾਰਤ ਵਿੱਚ ਦਾਖ਼ਲੇ ਲਈ ਲੋੜੀਂਦੀ ਪ੍ਰਕਿਰਿਆ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਵਿੱਚ ਤਿੰਨਾਂ ਖ਼ਿਲਾਫ਼ ਪਾਸਪੋਰਟ (ਐਂਟਰੀ ਇਨ ਇੰਡੀਆ) ਐਕਟ ਦੀ ਧਾਰਾ 6 (ਏ) ਦੇ ਨਾਲ-ਨਾਲ 3 (ਏ) ਦੇ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਤਿੰਨੇ ਵਿਅਕਤੀ ਦੋ ਸਾਲ ਪਹਿਲਾਂ ਕੰਮ ਲਈ ਕੁਵੈਤ ਗਏ ਸਨ। ਉਨ੍ਹਾਂ ਨੂੰ ਕੁਵੈਤ ਲੈ ਕੇ ਜਾਣ ਵਾਲੇ ਏਜੰਟ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕੀਤਾ ਜਿਸ ਤੋਂ ਬਾਅਦ ਉਹ ਉੱਥੋਂ ਭੱਜ ਗਏ।