ਹਰਿਆਣਾ/ਗੁਰੂਗ੍ਰਾਮ:ਸਾਈਬਰ ਸਿਟੀ ਗੁਰੂਗ੍ਰਾਮ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਪਾਣੀ ਦੀ ਟੈਂਕੀ ਵਿੱਚ ਦਮ ਘੁੱਟਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਮਜ਼ਦੂਰ ਸ਼ਟਰਿੰਗ ਖੋਲ੍ਹਣ ਲਈ ਇਕ-ਇਕ ਕਰਕੇ ਟੈਂਕੀ ਅੰਦਰ ਦਾਖਲ ਹੋ ਗਏ ਸੀ।
ਸੂਚਨਾ ਮਿਲਦੇ ਹੀ ਥਾਣਾ ਸਦਰ ਅਧੀਨ ਪੈਂਦੀ ਨਾਹਰਪੁਰ ਰੂਪਾ ਚੌਕੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਨਿੱਜੀ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ, ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਦਰਅਸਲ, ਹਰੀਓਮ ਹੰਸ ਇਨਕਲੇਵ ਵਿੱਚ ਆਪਣਾ ਮਕਾਨ ਬਣਾ ਰਿਹਾ ਸੀ। ਉਸ ਨੇ ਉਸਾਰੀ ਦਾ ਕੰਮ ਠੇਕੇ ’ਤੇ ਦਿੱਤਾ ਸੀ। ਉਸਾਰੀ ਅਧੀਨ ਘਰ ਵਿੱਚ ਜ਼ਮੀਨਦੋਜ਼ ਪਾਣੀ ਦੀ ਟੈਂਕੀ ਬਣਾਈ ਗਈ ਸੀ। ਜਾਣਕਾਰੀ ਅਨੁਸਾਰ ਪਾਣੀ ਦੀ ਟੈਂਕੀ ਕਰੀਬ ਅੱਠ ਫੁੱਟ ਉੱਚੀ ਹੈ। ਡੇਢ ਫੁੱਟ ਜਗ੍ਹਾ ਨੂੰ ਛੱਡ ਕੇ ਬਾਕੀ ਜਗ੍ਹਾ ਲੈਂਟਰ ਪਾਇਆ ਹੋਇਆ ਸੀ। ਅੱਜ ਸਵੇਰੇ ਪਹਿਲਾਂ ਇੱਕ ਮਜ਼ਦੂਰ ਸ਼ਟਰਿੰਗ ਖੋਲ੍ਹਣ ਲਈ ਹੇਠਾਂ ਉਤਰਿਆ, ਜਦੋਂ ਕਾਫੀ ਦੇਰ ਤੱਕ ਉਹ ਬਾਹਰ ਨਾ ਆਇਆ ਤਾਂ ਦੂਜਾ ਮਜ਼ਦੂਰ ਵੀ ਹੇਠਾਂ ਚਲਾ ਗਿਆ। ਇੱਥੇ ਤਿੰਨੋਂ ਮਜ਼ਦੂਰ ਬੇਹੋਸ਼ ਪਾਏ ਗਏ।
ਬਿਹਾਰ ਦੇ ਰਹਿਣ ਵਾਲੇ ਸਨ ਤਿੰਨੋਂ ਮ੍ਰਿਤਕ:ਮਜ਼ਦੂਰਾਂ ਨੂੰ ਟੈਂਕੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ 23 ਸਾਲਾ ਰਾਜਕੁਮਾਰ, 32 ਸਾਲਾ ਮੁਹੰਮਦ ਸਮਦ ਅਤੇ 40 ਸਾਲਾ ਮੁਹੰਮਦ ਸਗੀਰ ਵਜੋਂ ਹੋਈ ਹੈ। ਤਿੰਨੋਂ ਮੂਲ ਰੂਪ ਵਿੱਚ ਬਿਹਾਰ ਦੇ ਮਧੇਪੁਰਾ ਦੇ ਰਹਿਣ ਵਾਲੇ ਹਨ।
ਜ਼ਹਿਰੀਲੀ ਗੈਸ ਕਾਰਨ ਹੋਈ ਮੌਤ : ਮਾਮਲੇ ਸੰਬੰਧੀ ਹੋਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਜ਼ਮੀਨਦੋਜ਼ ਟੈਂਕੀ ਕਾਫੀ ਪਾਣੀ ਨਾਲ ਭਰੀ ਹੋਈ ਸੀ ਅਤੇ ਟੈਂਕੀ ਵੀ ਕਰੀਬ ਅੱਠ ਮਹੀਨਿਆਂ ਤੋਂ ਬੰਦ ਪਈ ਸੀ। ਅਜਿਹੀ ਸਥਿਤੀ ਵਿੱਚ ਟੈਂਕੀ ਵਿੱਚ ਜ਼ਹਿਰੀਲੀ ਗੈਸ ਬਣ ਗਈ ਅਤੇ ਸ਼ਟਰਿੰਗ ਖੋਲ੍ਹਣ ਆਏ ਮਜ਼ਦੂਰਾਂ ਦਾ ਇਸ ਜ਼ਹਿਰੀਲੀ ਗੈਸ ਕਾਰਨ ਦਮ ਘੁੱਟ ਗਿਆ।