ਨਵੀਂ ਦਿੱਲੀ:ਆਮ ਚੋਣਾਂ ਤੋਂ ਬਾਅਦ ਹੋਏ ਸੰਸਦ ਦੇ ਸੈਸ਼ਨ ਦੇ ਪਹਿਲੇ ਦਿਨ ਐਮਰਜੈਂਸੀ ਬਨਾਮ ਅਣਐਲਾਨੀ ਐਮਰਜੈਂਸੀ ਨੂੰ ਲੈ ਕੇ ਚਰਚਾ ਹੋਈ। ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਹ ਲਗਾਤਾਰ ਐਮਰਜੈਂਸੀ ਦਾ ਮੁੱਦਾ ਚੁੱਕ ਕੇ ਕਦੋਂ ਤੱਕ ਰਾਜ ਕਰਨਾ ਚਾਹੁੰਦੇ ਹਨ। ਖੜਗੇ ਲੋਕ ਸਭਾ ਦੇ 18ਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਦਾ ਜਵਾਬ ਦੇ ਰਹੇ ਸਨ। ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੀਐਮ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਨਵੇਂ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ, ਮਨੀਪੁਰ ਹਿੰਸਾ, ਪੱਛਮੀ ਬੰਗਾਲ ਰੇਲ ਹਾਦਸੇ ਵਰਗੇ ਮੁੱਦਿਆਂ 'ਤੇ ਕੁਝ ਨਹੀਂ ਕਿਹਾ।
ਦੱਸ ਦਈਏ ਕਿ ਸਦਨ 'ਚ ਜਾਂਦੇ ਸਮੇਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀਐੱਮ ਮੋਦੀ ਨੇ ਸਾਬਕਾ ਪੀਐੱਮ ਇੰਦਰਾ ਗਾਂਧੀ ਦੁਆਰਾ 1975 'ਚ ਲਗਾਈ ਗਈ ਐਮਰਜੈਂਸੀ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ 50 ਸਾਲ ਪਹਿਲਾਂ ਦੇਸ਼ ਦੇ ਲੋਕਤੰਤਰ 'ਤੇ ਇੱਕ ਕਲੰਕ ਸੀ। ਜਿਸ ਨੂੰ ਅਸੀਂ ਮਿਟਾਉਣਾ ਹੈ। ਇਸ ਤੋਂ ਇਲਾਵਾ ਇਹ ਮਤਾ ਵੀ ਲਿਆ ਜਾਣਾ ਚਾਹੀਦਾ ਹੈ ਕਿ ਦੇਸ਼ ਨਾਲ ਅਜਿਹੀ ਹਰਕਤ ਮੁੜ ਕਦੇ ਨਹੀਂ ਹੋਵੇਗੀ। ਇਸ 'ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਨੂੰ ਜਵਾਬ ਦਿੱਤਾ ਹੈ। ਖੜਗੇ ਨੇ ਕਿਹਾ, 'ਪ੍ਰਧਾਨ ਮੰਤਰੀ ਨੇ 50 ਸਾਲ ਪਹਿਲਾਂ ਦੀ ਐਮਰਜੈਂਸੀ ਦਾ ਜ਼ਿਕਰ ਕੀਤਾ, ਪਰ ਪਿਛਲੇ 10 ਸਾਲਾਂ ਦੀ 'ਅਣਘੋਸ਼ਿਤ ਐਮਰਜੈਂਸੀ' ਨੂੰ ਭੁੱਲ ਗਏ, ਜਿਸ ਨੂੰ ਲੋਕਾਂ ਨੇ ਇਸ ਲੋਕ ਸਭਾ ਚੋਣ 'ਚ ਖਤਮ ਕਰ ਦਿੱਤਾ ਹੈ।'
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਹੁਤ ਜ਼ਿਆਦਾ 'ਰਵਾਇਤੀ ਸ਼ਬਦਾਂ' ਦੀ ਵਰਤੋਂ ਕੀਤੀ, ਜਦੋਂ ਕਿ ਦੇਸ਼ ਸਬੰਧਿਤ ਮੁੱਦਿਆਂ 'ਤੇ ਉਨ੍ਹਾਂ ਦੇ ਸ਼ਬਦਾਂ ਦੀ ਉਮੀਦ ਕਰ ਰਿਹਾ ਸੀ, ਉਨ੍ਹਾਂ ਨੇ ਕਿਹਾ ਕਿ ਹਾਰ ਦੇ ਬਾਵਜੂਦ ਹੰਕਾਰ ਬਰਕਰਾਰ ਹੈ।'