ਨਵੀਂ ਦਿੱਲੀ: ਪੂਰਬੀ ਲੱਦਾਖ 'ਚ ਭਾਰਤ-ਚੀਨ ਸਰਹੱਦ 'ਤੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ਤੋਂ ਦੋਹਾਂ ਦੇਸ਼ਾਂ ਦੇ ਫੌਜੀ ਪਿੱਛੇ ਹਟ ਗਏ ਹਨ। ਰੱਖਿਆ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਪ੍ਰਮੁੱਖ ਟਕਰਾਅ ਵਾਲੇ ਬਿੰਦੂ ਡੇਪਸਾਂਗ ਅਤੇ ਡੇਮਚੋਕ ਤੋਂ ਭਾਰਤੀ ਅਤੇ ਚੀਨੀ ਸੈਨਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਲੱਗਭਗ ਪੂਰੀ ਹੋ ਗਈ ਹੈ।
ਸੂਤਰਾਂ ਨੇ ਕਿਹਾ ਕਿ ਦੋਵੇਂ ਧਿਰਾਂ ਹੁਣ ਇਨ੍ਹਾਂ ਖੇਤਰਾਂ ਵਿਚ ਫੌਜੀ ਕਰਮਚਾਰੀਆਂ ਅਤੇ ਬੁਨਿਆਦੀ ਢਾਂਚੇ ਨੂੰ ਹਟਾਉਣ ਦੀ ਜਾਂਚ ਕਰ ਰਹੀਆਂ ਹਨ।
LAC 'ਤੇ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਪਿੱਛੇ ਹਟਣ ਦੀ ਆਖਰੀ ਮਿਤੀ 29 ਅਕਤੂਬਰ ਸੀ। ਪਿਛਲੇ ਹਫਤੇ ਦੋਵੇਂ ਦੇਸ਼ ਗਸ਼ਤ ਸਮਝੌਤੇ 'ਤੇ ਸਹਿਮਤ ਹੋਏ ਸਨ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਝੌਤਾ ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਫੌਜੀ ਅਤੇ ਕੂਟਨੀਤਕ ਤਣਾਅ ਨੂੰ ਖਤਮ ਕਰ ਦੇਵੇਗਾ। ਇਸ ਹਿੰਸਕ ਝੜਪ ਵਿੱਚ ਦੋਵਾਂ ਪਾਸਿਆਂ ਦੇ ਸੈਨਿਕਾਂ ਦਾ ਜਾਨੀ ਨੁਕਸਾਨ ਹੋਇਆ ਸੀ।
ਗਸ਼ਤ ਸਮਝੌਤੇ ਦੇ ਤਹਿਤ ਦੋਵੇਂ ਧਿਰਾਂ ਅਪ੍ਰੈਲ 2020 ਤੋਂ ਪਹਿਲਾਂ ਸਰਹੱਦ 'ਤੇ ਸਥਿਤੀ 'ਤੇ ਵਾਪਸ ਆ ਜਾਣਗੀਆਂ। ਹਾਲਾਂਕਿ, ਭਾਰਤ ਅਤੇ ਚੀਨ ਦੋਵੇਂ ਹੀ ਡੇਪਸਾਂਗ ਅਤੇ ਡੇਮਚੋਕ ਵਿੱਚ ਨਿਗਰਾਨੀ ਦੇ ਵਿਕਲਪ ਜਾਰੀ ਰੱਖਣਗੇ ਅਤੇ ਕਿਸੇ ਗਲਤਫਹਿਮੀ ਤੋਂ ਬਚਣ ਲਈ ਗਸ਼ਤ 'ਤੇ ਜਾਣ ਤੋਂ ਪਹਿਲਾਂ ਇੱਕ ਦੂਜੇ ਨੂੰ ਸੂਚਿਤ ਕਰਨਗੇ। ਸੂਤਰਾਂ ਨੇ ਦੱਸਿਆ ਕਿ ਜ਼ਮੀਨੀ ਫੌਜੀ ਕਮਾਂਡਰ ਲਗਾਤਾਰ ਮੀਟਿੰਗਾਂ ਕਰਦੇ ਰਹਿਣਗੇ।
ਭਰੋਸਾ ਬਹਾਲ ਕਰਨ ਦੀ ਕੋਸ਼ਿਸ਼
ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ 'ਤੇ ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਹਾਲ ਹੀ ਵਿੱਚ ਕਿਹਾ ਕਿ ਭਾਰਤੀ ਫੌਜ ਚੀਨੀ ਹਮਰੁਤਬਾ ਨਾਲ ਵਿਸ਼ਵਾਸ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਰੋਸਾ ਉਦੋਂ ਮੁੜ ਬਣੇਗਾ ਜਦੋਂ ਅਸੀਂ ਇਕ-ਦੂਜੇ ਨੂੰ ਭਰੋਸਾ ਦੇ ਸਕਾਂਗੇ ਕਿ ਅਸੀਂ ਸਰਹੱਦ 'ਤੇ ਬਣੇ ਬਫਰ ਜ਼ੋਨ ਵਿਚ ਘੁਸਪੈਠ ਨਹੀਂ ਕਰ ਰਹੇ ਹਾਂ।
ਹਾਲ ਹੀ 'ਚ ਮੁੰਬਈ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਡੇਪਸਾਂਗ ਅਤੇ ਡੇਮਚੋਕ 'ਚ ਗਸ਼ਤ ਅਤੇ ਪਿੱਛੇ ਹਟਣ 'ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ, "ਇਹ ਸਪੱਸ਼ਟ ਹੈ ਕਿ ਇਸ (ਸਮਝੌਤੇ) ਨੂੰ ਲਾਗੂ ਹੋਣ 'ਚ ਸਮਾਂ ਲੱਗੇਗਾ। ਸਾਡੀਆਂ ਫੌਜਾਂ ਇਕ-ਦੂਜੇ ਦੇ ਬਹੁਤ ਨੇੜੇ ਆ ਗਈਆਂ ਸਨ ਅਤੇ ਹੁਣ ਉਹ ਆਪਣੇ ਟਿਕਾਣਿਆਂ 'ਤੇ ਵਾਪਸ ਚਲੇ ਜਾਣਗੀਆਂ। ਸਾਨੂੰ ਉਮੀਦ ਹੈ ਕਿ 2020 ਦੀ ਸਥਿਤੀ ਬਹਾਲ ਹੋ ਜਾਵੇਗੀ।"