ਨਵੀਂ ਦਿੱਲੀ:ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਗਵਾਲੀਅਰ 'ਚ ਖੇਡੇ ਗਏ ਪਹਿਲੇ ਟੀ-20 ਮੈਚ 'ਚ ਟੀਮ ਇੰਡੀਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਨੇ ਬੰਗਲਾਦੇਸ਼ ਵੱਲੋਂ ਦਿੱਤੇ 128 ਦੌੜਾਂ ਦੇ ਟੀਚੇ ਨੂੰ 49 ਗੇਂਦਾਂ ਬਾਕੀ ਰਹਿੰਦਿਆਂ 11.5 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਆਸਾਨੀ ਨਾਲ ਹਾਸਿਲ ਕਰ ਲਿਆ। ਭਾਰਤ ਲਈ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ, ਛੱਕਿਆਂ ਨਾਲ ਮੈਚ ਜਿੱਤਿਆ।
ਇਸ ਮੈਚ 'ਚ ਭਾਰਤ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਮਯੰਕ ਯਾਦਵ ਨੇ ਵੀ ਆਪਣਾ ਪਹਿਲਾ ਓਵਰ ਮੇਡਨ ਸੁੱਟ ਕੇ ਸ਼ਾਨਦਾਰ ਉਪਲੱਬਧੀ ਹਾਸਿਲ ਕੀਤੀ। ਮਯੰਕ ਅਜਿਹਾ ਕਰਨ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਸੰਘਰਸ਼ ਕਰਦਾ ਨਜ਼ਰ ਆਇਆ ਬੰਗਲਾਦੇਸ਼
ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਬੰਗਲਾਦੇਸ਼ ਦੀ ਟੀਮ 20 ਓਵਰਾਂ 'ਚ 128 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਨੇ ਤੇਜ਼ੀ ਨਾਲ ਸਕੋਰ ਬਣਾਉਣ ਦੀ ਕੋਸ਼ਿਸ਼ ਵਿਚ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਦਿੱਤੀਆਂ। ਬੰਗਲਾਦੇਸ਼ ਲਈ ਮਹਿੰਦੀ ਹਸਨ ਮਿਰਾਜ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕਪਤਾਨ ਨਜ਼ਮੁਲ ਹਸਨ ਸ਼ਾਂਤੋ 27 ਦੌੜਾਂ ਬਣਾ ਕੇ ਦੂਜੇ ਨੰਬਰ 'ਤੇ ਰਹੇ।
ਸੰਜੂ-ਅਭਿਸ਼ੇਕ ਨੇ ਕੀਤੀ ਖਤਰਨਾਕ ਸ਼ੁਰੂਆਤ
ਬੰਗਲਾਦੇਸ਼ ਦੇ 128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਪਹਿਲੇ ਹੀ ਓਵਰ ਤੋਂ ਹੀ ਹਮਲਾਵਰ ਦਿਖਾਈ ਦਿੱਤੀ ਅਤੇ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਦੌਰਾਨ ਤੇਜ਼ ਬੱਲੇਬਾਜ਼ੀ ਕਰਦੇ ਨਜ਼ਰ ਆਏ ਅਭਿਸ਼ੇਕ ਸ਼ਰਮਾ ਦੂਜੇ ਓਵਰ ਦੀ ਆਖਰੀ ਗੇਂਦ 'ਤੇ 16 ਦੌੜਾਂ ਬਣਾ ਕੇ ਰਨ ਆਊਟ ਹੋ ਗਏ।