ਝਾਰਖੰਡ/ਰਾਂਚੀ—ਹਾਲ ਹੀ 'ਚ ਝਾਰਖੰਡ ਦੀ ਉਪ ਰਾਜਧਾਨੀ ਦੁਮਕਾ ਦੇ ਹੰਸਡੀਹਾ ਥਾਣਾ ਖੇਤਰ 'ਚ ਇਕ ਸਪੈਨਿਸ਼ ਔਰਤ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਬਾਅਦ ਪੀੜਤਾ ਮੈਡੀਕਲ ਅਤੇ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਆਪਣੀ ਅਗਲੀ ਮੰਜ਼ਿਲ ਲਈ ਰਵਾਨਾ ਹੋ ਗਈ। ਉਸ ਨੇ ਆਪਣਾ ਸੰਦੇਸ਼ ਸਾਰੀ ਦੁਨੀਆ ਨੂੰ ਦਿੱਤਾ ਹੈ। ਨੇਪਾਲ ਰਵਾਨਾ ਹੋਣ ਤੋਂ ਪਹਿਲਾਂ ਪੀੜਤਾ ਨੇ ਕਿਹਾ ਕਿ ਇਸ ਘਟਨਾ ਲਈ ਭਾਰਤ ਅਤੇ ਇਸ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਬਿਲਕੁਲ ਵੀ ਠੀਕ ਨਹੀਂ ਹੈ। ਇਸ ਘਿਨਾਉਣੇ ਕਾਰੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਘਟਨਾ ਕਿਤੇ ਵੀ, ਕਦੇ ਵੀ ਅਤੇ ਕਿਸੇ ਨਾਲ ਵੀ ਵਾਪਰ ਸਕਦੀ ਹੈ। ਇਸ ਲਈ ਭਾਰਤ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਭਾਰਤ ਦੇ ਲੋਕ ਚੰਗੇ ਹਨ - ਸਮੂਹਿਕ ਬਲਾਤਕਾਰ ਪੀੜਤ: ਪੀੜਤਾ ਨੇ ਦੱਸਿਆ ਕਿ ਉਸ ਨੇ ਹੰਸਡੀਹਾ 'ਚ ਰਾਤ ਬਿਤਾਉਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਜਗ੍ਹਾ ਬਹੁਤ ਸ਼ਾਂਤ ਸੀ। ਇਹ ਬਹੁਤ ਸੁੰਦਰ ਸੀ, ਅਸੀਂ ਸੋਚਿਆ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਮੈਂ ਅਜੇ ਵੀ ਕਹਿੰਦੀ ਹਾਂ ਕਿ ਭਾਰਤੀ ਚੰਗੇ ਹਨ। ਇੱਥੋਂ ਦੇ ਲੋਕ ਚੰਗੇ ਹਨ। ਮੈਂ ਪਿਛਲੇ ਛੇ ਸਾਲਾਂ ਤੋਂ ਵਿਸ਼ਵ ਦੌਰੇ 'ਤੇ ਹਾਂ। ਮੈਂ ਛੇ ਮਹੀਨਿਆਂ ਤੋਂ ਭਾਰਤ ਦੀ ਯਾਤਰਾ ਕਰ ਰਹੀਂ ਹਾਂ। ਮੈਂ ਭਾਰਤ ਵਿੱਚ ਲਗਭਗ 20 ਹਜ਼ਾਰ ਕਿਲੋਮੀਟਰ ਦਾ ਸਫਰ ਕੀਤਾ ਹੈ। ਹਰ ਪਾਸੇ ਤੋਂ ਸਮਰਥਨ ਮਿਲਿਆ ਹੈ। ਇਸ ਔਖੀ ਘੜੀ ਵਿੱਚ ਮੈਨੂੰ ਇੱਥੋਂ ਦੇ ਲੋਕਾਂ ਦਾ ਪੂਰਾ ਸਹਿਯੋਗ ਮਿਲਿਆ ਹੈ। ਇੱਥੋਂ ਦੀ ਸਰਕਾਰ ਤੋਂ ਵੀ ਸਹਿਯੋਗ ਮਿਲਿਆ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਮੁਸੀਬਤ ਦੇ ਸਮੇਂ ਵਿੱਚ ਮੇਰਾ ਸਾਥ ਦਿੱਤਾ। ਮੈਂ ਬਹੁਤ ਸਾਰੀਆਂ ਚੰਗੀਆਂ ਯਾਦਾਂ ਲੈ ਕੇ ਭਾਰਤ ਛੱਡ ਰਹੀਂ ਹਾਂ।