ਉੱਤਰਾਖੰਡ/ਦੇਹਰਾਦੂਨ: ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਜੰਗਲ ਨੂੰ ਅੱਗ ਲੱਗਣ ਕਾਰਨ, ਅੱਗ ਦੀ ਝਪੇਟ ਵਿੱਚ ਆਏ ਜੰਗਲਾਤ ਵਿਭਾਗ ਦੇ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਮਾਮਲਾ ਅਲਮੋੜਾ ਜ਼ਿਲ੍ਹੇ ਦੇ ਬਿਨਸਰ ਜੰਗਲੀ ਸੈੰਕਚੂਰੀ ਖੇਤਰ ਦਾ ਦੱਸਿਆ ਜਾ ਰਿਹਾ ਹੈ।
ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਦੇ ਕੁਝ ਮੁਲਾਜ਼ਮ ਆਪਣੀ ਗੱਡੀ ਵਿੱਚ ਜੰਗਲ ਦੀ ਅੱਗ ਬੁਝਾਉਣ ਜਾ ਰਹੇ ਸਨ ਤਾਂ ਉਨ੍ਹਾਂ ਦੀ ਗੱਡੀ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ ਚਾਰੇ ਮੁਲਾਜ਼ਮ ਅੱਗ ਵਿੱਚ ਝੁਲਸ ਗਏ। ਕੁਝ ਹੋਰ ਕਰਮਚਾਰੀ ਵੀ ਗੰਭੀਰ ਰੂਪ ਵਿਚ ਝੁਲਸ ਗਏ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਮਾਮਲੇ ਦੀ ਜਾਣਕਾਰੀ ਲਈ ਈਟੀਵੀ ਭਾਰਤ ਨੇ ਵਧੀਕ ਚੀਫ਼ ਫਾਰੈਸਟ ਕੰਜ਼ਰਵੇਟਰ, ਫਾਰੈਸਟ ਫਾਇਰ ਅਤੇ ਡਿਜ਼ਾਸਟਰ ਮੈਨੇਜਮੈਂਟ ਨਿਸ਼ਾਂਤ ਵਰਮਾ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮੁੱਢਲੀ ਸੂਚਨਾ ਮਿਲੀ ਹੈ ਕਿ ਜੰਗਲਾਤ ਵਿਭਾਗ ਦੇ ਚਾਰ ਮੁਲਾਜ਼ਮ ਝੁਲਸ ਗਏ ਹਨ। ਇਹ ਹਾਦਸਾ ਕਿਵੇਂ ਵਾਪਰਿਆ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।
ਕੁਮਾਉਂ ਦੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕੋਲ ਇਸ ਸਮੇਂ ਇਸ ਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਹੈ। ਕਿਉਂਕਿ ਜਦੋਂ ਤੱਕ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਨਹੀਂ ਜਾਂਦੀ, ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਲਮੋੜਾ ਜ਼ਿਲੇ 'ਚ 5 ਲੋਕ ਜੰਗਲ ਦੀ ਅੱਗ ਦਾ ਸ਼ਿਕਾਰ ਹੋ ਚੁੱਕੇ ਹਨ।