ਪੰਜਾਬ

punjab

ETV Bharat / bharat

ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ - OM PRAKASH CHAUTALA PASSED AWAY

Om Prakash Chautala Passed Away: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ, 89 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ
ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ (Etv Bharat)

By ETV Bharat Punjabi Team

Published : Dec 20, 2024, 12:45 PM IST

Updated : Dec 20, 2024, 1:54 PM IST

ਚੰਡੀਗੜ੍ਹ:ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 89 ਸਾਲ ਦੀ ਉਮਰ 'ਚ ਗੁਰੂਗ੍ਰਾਮ 'ਚ ਆਖਰੀ ਸਾਹ ਲਏ। ਓਮ ਪ੍ਰਕਾਸ਼ ਚੌਟਾਲਾ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਇੱਕ ਵਰਕਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11.50 ਵਜੇ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਇੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਓਪੀ ਚੌਟਾਲਾ ਦਾ ਸਿਆਸੀ ਕੱਦ

ਓਪੀ ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਚੌਟਾਲਾ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਚੌਧਰੀ ਦੇਵੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਰਹੇ ਸਨ। ਘਰ ਵਿਚ ਸਿਆਸਤ ਦਾ ਮਾਹੌਲ ਸੀ, ਜਿਸ ਨੇ ਉਨ੍ਹਾਂ ਦੇ ਆਉਣ ਵਾਲੇ ਜੀਵਨ ਦਾ ਰਾਹ ਤੈਅ ਕਰ ਲਿਆ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਣ ਦਾ ਫੈਸਲਾ ਕੀਤਾ ਸੀ।

ਓਮ ਪ੍ਰਕਾਸ਼ ਚੌਟਾਲਾ ਦਾ ਨਾਂ ਹਰਿਆਣਾ ਦੇ ਪ੍ਰਮੁੱਖ ਆਗੂਆਂ ਵਿੱਚ ਸ਼ਾਮਲ ਸੀ। ਉਹ ਆਪਣੇ ਪਿਤਾ ਵਾਂਗ ਹਰਿਆਣਾ ਦੇ ਮੁੱਖ ਮੰਤਰੀ ਰਹੇ। ਉਹ 7 ਵਾਰ ਵਿਧਾਇਕ ਰਹੇ ਅਤੇ 5 ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਇਸ ਸਮੇਂ ਉਹ ਹਰਿਆਣਾ ਦੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਕੌਮੀ ਪ੍ਰਧਾਨ ਸਨ।

ਸਿਰਫ਼ ਇੱਕ ਵਾਰ ਪੂਰਾ ਕੀਤਾ ਸੀ ਮੁੱਖ ਮੰਤਰੀ ਦਾ ਕਾਰਜਕਾਲ

ਓਪੀ ਚੌਟਾਲਾ ਭਾਵੇਂ ਹੀ 4 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹੋਣ ਪਰ ਉਹ 5 ਸਾਲ ਦਾ ਕਾਰਜਕਾਲ ਸਿਰਫ਼ ਇੱਕ ਵਾਰ ਹੀ ਪੂਰਾ ਕਰ ਸਕੇ। ਚੌਟਾਲਾ ਦੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਸਾਲ 2000 ਵਿੱਚ ਪੂਰੇ ਬਹੁਮਤ ਨਾਲ ਸਰਕਾਰ ਬਣਾਈ, ਜੋ 5 ਸਾਲ ਤੱਕ ਚੱਲੀ ਅਤੇ ਓਪੀ ਚੌਟਾਲਾ ਇਸ ਦੌਰਾਨ ਮੁੱਖ ਮੰਤਰੀ ਰਹੇ।

ਹਾਲਾਂਕਿ 1989 ਤੋਂ 1991 ਦਰਮਿਆਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਡੇਢ ਸਾਲ ਤੋਂ ਵੀ ਘੱਟ ਸਮੇਂ ਵਿੱਚ ਤਿੰਨ ਵਾਰ ਮੁੱਖ ਮੰਤਰੀ ਬਣੇ। ਦਸੰਬਰ 1989 ਵਿੱਚ ਜਦੋਂ ਚੌਧਰੀ ਦੇਵੀ ਲਾਲ ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਓਪੀ ਚੌਟਾਲਾ ਨੂੰ ਬਿਨਾਂ ਵਿਧਾਇਕ ਬਣੇ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ। ਜਦੋਂ ਦੇਵੀ ਲਾਲ ਦੀ ਮਹਿਮ ਵਿਧਾਨ ਸਭਾ ਸੀਟ ਖਾਲੀ ਹੋਈ ਤਾਂ 27 ਫਰਵਰੀ 1990 ਨੂੰ ਉਪ ਚੋਣ ਦੌਰਾਨ ਬੂਥ ਕੈਪਚਰਿੰਗ ਤੋਂ ਲੈ ਕੇ ਗੋਲੀਬਾਰੀ ਤੱਕ ਦੀਆਂ ਘਟਨਾਵਾਂ ਵਾਪਰੀਆਂ, ਜਿਸ ਵਿੱਚ 8 ਲੋਕਾਂ ਦੀ ਜਾਨ ਚਲੀ ਗਈ। ਜਿਸ ਤੋਂ ਬਾਅਦ ਚੋਣ ਰੱਦ ਕਰ ਦਿੱਤੀ ਗਈ।

ਵਿਧਾਇਕ ਚੁਣੇ ਬਿਨਾਂ ਮੁੱਖ ਮੰਤਰੀ ਬਣੇ ਰਹੇ

ਕਰੀਬ 3 ਮਹੀਨਿਆਂ ਬਾਅਦ 21 ਮਈ 1990 ਨੂੰ ਮਹਿਮ ਸੀਟ 'ਤੇ ਦੁਬਾਰਾ ਉਪ ਚੋਣ ਹੋਣੀ ਸੀ ਪਰ ਇੱਕ ਉਮੀਦਵਾਰ ਦਾ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੇਵਾਮੁਕਤ ਜੱਜ ਤੋਂ ਕਰਵਾਈ। ਕੇਂਦਰ ਸਰਕਾਰ ਅਤੇ ਉਪ ਪ੍ਰਧਾਨ ਮੰਤਰੀ ਦੇਵੀ ਲਾਲ 'ਤੇ ਦਬਾਅ ਵਧਣ 'ਤੇ ਓਮ ਪ੍ਰਕਾਸ਼ ਚੌਟਾਲਾ ਦਾ ਅਸਤੀਫਾ ਲੈ ਲਿਆ ਗਿਆ। ਚੌਟਾਲਾ ਨੇ 172 ਦਿਨ ਮੁੱਖ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ, ਖਾਸ ਗੱਲ ਇਹ ਹੈ ਕਿ ਇਸ ਦੌਰਾਨ ਉਹ ਵਿਧਾਇਕ ਚੁਣੇ ਬਿਨਾਂ ਮੁੱਖ ਮੰਤਰੀ ਬਣੇ ਰਹੇ।

ਕਦੇ 5 ਦਿਨ ਤੇ ਕਦੇ 15 ਦਿਨਾਂ ਲਈ ਸੀ.ਐਮ.

ਇਸ ਤੋਂ ਬਾਅਦ ਜਨਤਾ ਦਲ ਨੇ ਬਨਾਰਸੀ ਦਾਸ ਨੂੰ ਮੁੱਖ ਮੰਤਰੀ ਬਣਾਇਆ ਪਰ ਉਹ ਸਿਰਫ਼ 51 ਦਿਨ ਹੀ ਸੀ.ਐਮ ਰਹੇ। ਜਦੋਂ ਕਾਂਗਰਸ ਨੇ ਮਹਿਮ ਕਾਂਡ ਨੂੰ ਮੁੜ ਉਠਾਇਆ ਤਾਂ ਚੌਟਾਲਾ ਨੂੰ ਮਹਿਜ਼ 5 ਦਿਨਾਂ ਬਾਅਦ 17 ਜੁਲਾਈ ਨੂੰ ਅਸਤੀਫਾ ਦੇਣਾ ਪਿਆ। 17 ਜੂਨ ਨੂੰ ਹੁਕਮ ਸਿੰਘ ਨੇ ਮੁੱਖ ਮੰਤਰੀ ਦਾ ਅਹੁੱਦਾ ਸੰਭਾਲ ਲਿਆ ਪਰ 248 ਦਿਨਾਂ ਬਾਅਦ ਚੌਟਾਲਾ ਨੇ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਅਤੇ 22 ਮਾਰਚ 1990 ਨੂੰ ਮੁੜ ਮੁੱਖ ਮੰਤਰੀ ਬਣ ਗਏ। ਜਦੋਂ ਦੁਬਾਰਾ ਵਿਰੋਧ ਹੋਇਆ ਤਾਂ ਉਹ 15 ਦਿਨਾਂ ਬਾਅਦ 5 ਅਪ੍ਰੈਲ ਨੂੰ ਕੁਰਸੀ ਛੱਡ ਗਏ। ਜਿਸ ਤੋਂ ਬਾਅਦ ਹਰਿਆਣਾ ਵਿੱਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ ਸੀ।

ਜੇਬੀਟੀ ਘੁਟਾਲੇ 'ਚ ਸਜ਼ਾ

ਦੱਸ ਦੇਈਏ ਕਿ ਹਰਿਆਣਾ 'ਚ ਜੇਬੀਟੀ ਭਰਤੀ ਘੁਟਾਲਾ ਸਾਹਮਣੇ ਆਇਆ ਸੀ। ਇਸ ਜੇਬੀਟੀ ਭਰਤੀ ਘੁਟਾਲੇ 'ਚ ਓਮ ਪ੍ਰਕਾਸ਼ ਚੌਟਾਲਾ ਨੂੰ 10 ਸਾਲ ਦੀ ਸਜ਼ਾ ਵੀ ਹੋਈ ਸੀ। ਉਨ੍ਹਾਂ ਨੂੰ ਸਾਲ 2012 ‘ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਅਤੇ ਤਿੰਨ ਹੋਰ ਲੋਕਾਂ ਨੂੰ ਵੀ ਇਸ ਮਾਮਲੇ 'ਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਪ੍ਰਕਾਸ਼ ਸਿੰਘ ਬਾਦਲ ਨਾਲ ਗੂੜ੍ਹੀ ਸਾਂਝ

ਇਸ ਦੇ ਨਾਲ ਹੀ ਓਮ ਪ੍ਰਕਾਸ਼ ਚੌਟਾਲਾ ਦੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਗੂੜ੍ਹੀ ਸਾਂਝ ਸੀ, ਜੋ ਕਿ ਜੱਗ ਜਾਹਿਰ ਵੀ ਸੀ। ਇਸ ਦੋਸਤੀ ਵਾਲਾ ਰਿਸ਼ਤਾ ਪਰਿਵਾਰਕ ਸਾਂਝ 'ਚ ਵੀ ਬਦਲ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋਇਆ ਸੀ ਤਾਂ ਉਸ ਸਮੇਂ ਓਮ ਪ੍ਰਕਾਸ਼ ਚੌਟਾਲਾ ਬਿਮਾਰ ਹੋਣ ਦੇ ਬਾਵਜੂਦ ਆਪਣੇ ਦੋਸਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਨ।

Last Updated : Dec 20, 2024, 1:54 PM IST

ABOUT THE AUTHOR

...view details