ਉੱਤਰ ਪ੍ਰਦੇਸ਼:ਮੇਰਠ ਦੇ ਲਿਸਾਡੀ ਗੇਟ ਸਥਿਤ ਸੁਹੇਲ ਗਾਰਡਨ ਕਾਲੋਨੀ 'ਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਸਾਰਿਆਂ ਦੀਆਂ ਲਾਸ਼ਾਂ ਘਰ ਦੇ ਅੰਦਰੋਂ ਮਿਲੀਆਂ। ਕਤਲ ਕਿਸ ਨੇ ਕੀਤਾ ਅਤੇ ਇਸ ਦਾ ਕਾਰਨ ਕੀ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।
ਐਸਐਸਪੀ ਸਣੇ ਸਾਰੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਜਾਂਚ ਲਈ ਕ੍ਰਾਈਮ ਬ੍ਰਾਂਚ ਅਤੇ ਫੋਰੈਂਸਿਕ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ। ਡੌਗ ਸਕੁਐਡ ਦੀ ਮਦਦ ਨਾਲ ਸੁਰਾਗ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰ ਦੇ ਪੰਜੇ ਮੈਂਬਰਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ।
ਇੱਕੋ ਪਰਿਵਾਰ ਦੇ 5 ਜੀਆਂ ਦਾ ਕਤਲ (ETV Bharat) ਮਰਨ ਵਾਲਿਆਂ ਵਿੱਚ 1 ਸਾਲ ਦਾ ਮਾਸੂਮ ਵੀ ਸ਼ਾਮਲ
ਮਰਨ ਵਾਲਿਆਂ ਵਿੱਚ ਪਤੀ ਮੋਇਨ, ਪਤਨੀ ਅਸਮਾ ਅਤੇ 3 ਬੱਚੇ ਅਫਸਾ (8 ਸਾਲ), ਅਜ਼ੀਜ਼ਾ (4 ਸਾਲ) ਅਤੇ ਅਦੀਬਾ (1 ਸਾਲ) ਸ਼ਾਮਲ ਹਨ। ਕਤਲ ਕਰਨ ਤੋਂ ਬਾਅਦ ਬੱਚਿਆਂ ਦੀਆਂ ਲਾਸ਼ਾਂ ਨੂੰ ਬੋਰੀ ਵਿੱਚ ਬੰਨ੍ਹ ਕੇ ਬਾਕਸ ਬੈੱਡ ਵਿੱਚ ਛੁਪਾਇਆ ਗਿਆ। ਮੋਇਨ ਮਕੈਨਿਕ ਦਾ ਕੰਮ ਕਰਦਾ ਸੀ।
ਵਾਰਦਾਤ ਬਾਰੇ ਇੰਝ ਹੋਇਆ ਖੁਲਾਸਾ
ਕਤਲਕਾਂਡ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮੋਇਨ ਦਾ ਭਰਾ ਸਲੀਮ ਵੀਰਵਾਰ ਸ਼ਾਮ ਨੂੰ ਘਰ ਪਹੁੰਚਿਆ। ਸਲੀਮ ਨੇ ਦੱਸਿਆ ਕਿ, ਜਦੋਂ ਉਹ ਆਪਣੀ ਪਤਨੀ ਨਾਲ ਮੋਇਨ ਦੇ ਘਰ ਪਹੁੰਚਿਆ, ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਗੁਆਂਢੀਆਂ ਨਾਲ ਗੱਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਬੁੱਧਵਾਰ ਤੋਂ ਕਿਸੇ ਨੂੰ ਨਹੀਂ ਦੇਖਿਆ ਗਿਆ। ਇਸ ਤੋਂ ਬਾਅਦ ਦਰਵਾਜ਼ਾ ਤੋੜਿਆ ਗਿਆ। ਜਦੋਂ ਉਹ ਅੰਦਰ ਗਿਆ ਤਾਂ ਉਥੇ ਲਾਸ਼ਾਂ ਪਈਆਂ ਦੇਖ ਕੇ ਹੈਰਾਨ ਰਹਿ ਗਿਆ। ਮੋਇਨ ਅਤੇ ਅਸਮਾ ਦੀਆਂ ਲਾਸ਼ਾਂ ਜ਼ਮੀਨ 'ਤੇ ਮੌਜੂਦ ਸਨ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਬੈੱਡ ਬਾਕਸ ਵਿੱਚੋਂ ਮਿਲੀਆਂ। ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ।
ਸਲੀਮ ਨੇ ਦੱਸਿਆ ਕਿ ਉਸ ਤੋਂ ਬਾਅਦ, ਪੁਲਿਸ ਨੇ ਸਾਨੂੰ ਬਾਹਰ ਜਾਣ ਲਈ ਕਹਿ ਦਿੱਤਾ, ਤਾਂ ਜੋ ਉਹ ਚੰਗੀ ਤਰ੍ਹਾਂ ਸਾਰੀ ਜਾਂਚ ਕਰ ਸਕਣ।
ਮੇਰਠ ਦੇ ਐਸਐਸਪੀ ਵਿਪਿਨ ਟਾਡਾ ਨੇ ਵਾਰਦਾਤ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ, "ਲਿਸਾਰੀ ਗੇਟ ਥਾਣੇ ਵਿੱਚ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਵਿੱਚ 5 ਲਾਸ਼ਾਂ ਮਿਲੀਆਂ ਹਨ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਲੋਕਾਂ ਨੇ ਦੱਸਿਆ ਕਿ ਘਰ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ। ਘਰ ਦੇ ਅੰਦਰ ਇੱਕ ਜੋੜਾ ਅਤੇ ਉਸ ਦੇ 3 ਬੱਚਿਆਂ ਦੀਆਂ ਲਾਸ਼ਾਂ ਉੱਥੇ ਪਈਆਂ ਸਨ, ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ ਹਨ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਇਹ ਵਾਰਦਾਤ ਪੀੜਤਾਂ ਨੂੰ ਕਿਸੇ ਜਾਣਨ ਵਾਲੇ ਵਲੋਂ ਕੀਤੀ ਜਾਣ ਦਾ ਖਦਸ਼ਾ ਹੈ, ਫਿਲਹਾਲ ਜਾਂਚ ਜਾਰੀ ਹੈ।”
ਉਥੇ ਹੀ ਐੱਸਪੀ ਸਿਟੀ ਆਯੂਸ਼ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਸੁਹੇਲ ਗਾਰਡਨ 'ਚ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਦੀਆਂ ਕਈ ਟੀਮਾਂ ਵੀ ਮੌਕੇ 'ਤੇ ਮੌਜੂਦ ਹਨ।
ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ...
ਸਥਾਨਕ ਲੋਕਾਂ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਘਰ ਚੋਂ ਕੋਈ ਵੀ ਬਾਹਰ ਨਜ਼ਰ ਨਹੀਂ ਆਇਆ। ਪੁਲਿਸ ਮੁਤਾਬਕ ਜਿਸ ਤਰ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਇਸ ਤੋਂ ਜਾਪਦਾ ਹੈ ਕਿ ਕਾਤਲ ਨੂੰ ਪਹਿਲਾਂ ਹੀ ਘਰ ਬਾਰੇ ਸਾਰੇ ਭੇਤ ਸਨ। ਮੋਇਨ ਸਿਰਫ਼ 2 ਮਹੀਨਿਆਂ ਤੋਂ ਇਸ ਇਲਾਕੇ 'ਚ ਰਹਿ ਰਿਹਾ ਹੈ। ਪਰਿਵਾਰ ਵਾਲਿਆਂ ਦਾ ਕਿਸੇ ਨਾਲ ਬਹੁਤਾ ਮਿਲਣਾ-ਜੁਲਣਾ ਨਹੀ ਸੀ। ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ।