ਨਵੀਂ ਦਿੱਲੀ/ਗਾਜ਼ੀਆਬਾਦ:ਗਾਜ਼ੀਆਬਾਦ ਦੇ ਟੀਲਾ ਮੋਡ ਥਾਣਾ ਖੇਤਰ ਵਿੱਚ ਐਤਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ। ਦਰਅਸਲ ਇੱਥੇ ਘਰ 'ਚ ਅੱਗ ਲੱਗਣ ਕਾਰਨ ਪਰਿਵਾਰ ਦੇ 7 ਮੈਂਬਰ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ 'ਚੋਂ 3 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਟੀਲਾ ਮੋੜ ਥਾਣਾ ਖੇਤਰ ਦੇ ਡਿਫੈਂਸ ਕਾਲੋਨੀ 'ਚ ਨਿਰਮਾਣ ਅਧੀਨ ਮਕਾਨ 'ਚ ਗੈਸ ਸਿਲੰਡਰ 'ਚ ਲੀਕੇਜ ਹੋ ਗਈ, ਜਿਸ ਕਾਰਨ ਅੱਗ ਲੱਗ ਗਈ।
ਕੁੱਝ ਹੀ ਦੇਰ ਵਿੱਚ ਅੱਗ ਸਾਰੇ ਘਰ ਵਿੱਚ ਫੈਲ ਗਈ। ਇਸ ਦੌਰਾਨ ਘਰ 'ਚ 7 ਵਿਅਕਤੀ ਮੌਜੂਦ ਸਨ ਜੋ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ। ਸੂਚਨਾ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਰੇ 7 ਲੋਕਾਂ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ 'ਚ ਭਰਤੀ ਕਰਵਾਇਆ।
ਮਰਨ ਵਾਲਿਆਂ ਵਿਚ ਇਕ ਔਰਤ ਅਤੇ ਉਸ ਦੀਆਂ ਦੋ ਬੇਟੀਆਂ ਸ਼ਾਮਿਲ ਹਨ। ਏਸੀਪੀ ਸਿਧਾਰਥ ਗੌਤਮ ਨੇ ਦੱਸਿਆ ਕਿ ਘਟਨਾ ਐਤਵਾਰ ਦੁਪਹਿਰ 12 ਵਜੇ ਦੇ ਕਰੀਬ ਵਾਪਰੀ, ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ। ਬਾਕੀ ਚਾਰ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਘਰ 'ਚ ਮੌਜੂਦ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਘਟਨਾ ਦੌਰਾਨ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।
ਹਾਦਸੇ ਬਾਰੇ ਚੀਫ਼ ਫਾਇਰ ਅਫ਼ਸਰ ਰਾਹੁਲ ਪਾਲ ਨੇ ਦੱਸਿਆ ਕਿ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪਰਿਵਾਰ ਦੇ ਸਾਰੇ ਮੈਂਬਰ ਇੱਕ ਕਮਰੇ ਵਿੱਚ ਮੌਜੂਦ ਸਨ। ਇਸ ਕਮਰੇ ਵਿੱਚ ਸਾਮਾਨ ਰੱਖਿਆ ਹੋਇਆ ਸੀ। ਕਮਰੇ 'ਚ ਗੈਸ ਸਿਲੰਡਰ 'ਚੋਂ ਲੀਕੇਜ ਸੀ ਅਤੇ ਜਿਵੇਂ ਹੀ ਮਾਚਿਸ ਦੀ ਡੱਬੀ ਜਗਾਈ ਤਾਂ ਅੱਗ ਲੱਗ ਗਈ। ਇਸ ਕਾਰਨ ਕਮਰੇ ਵਿੱਚ ਮੌਜੂਦ ਲੋਕ ਬੁਰੀ ਤਰ੍ਹਾਂ ਝੁਲਸੇ ਗਏ। ਹਾਲਾਂਕਿ ਗੈਸ ਕਾਰਨ ਲੱਗੀ ਅੱਗ ਨੂੰ ਤੁਰੰਤ ਬੁਝਾਇਆ ਗਿਆ ਪਰ ਇਸ ਦੌਰਾਨ ਪਰਿਵਾਰਕ ਮੈਂਬਰ ਝੁਲਸ ਗਏ। ਗੁਆਂਢੀ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ।