ਚੇਨਈ : ਤਾਮਿਲਨਾਡੂ 'ਚ ਚੇਨਈ ਦੇ ਅਵਾੜੀ ਨੇੜੇ ਸੜੀ ਹੋਈ ਹਾਲਤ 'ਚ ਪਿਓ-ਧੀ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਪੁਲਿਸ ਨੇ ਇਸ ਹੈਰਾਨ ਕਰਨ ਵਾਲੀ ਘਟਨਾ ਦੇ ਸਬੰਧ ਵਿੱਚ ਵਿਅਕਤੀ ਦਾ ਇਲਾਜ ਕਰਨ ਵਾਲੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਹੈ ਪੂਰਾ ਮਾਮਲਾ?
ਤਾਮਿਲਨਾਡੂ ਦੇ ਵੇਲੋਰ ਜ਼ਿਲ੍ਹੇ ਦਾ ਰਹਿਣ ਵਾਲਾ 70 ਸਾਲਾ ਸੈਮੂਅਲ ਸ਼ੰਕਰ ਕਿਡਨੀ ਦੀ ਸਮੱਸਿਆ ਤੋਂ ਪੀੜਤ ਸੀ। ਉਹ ਆਪਣੀ ਧੀ ਸਿੰਧੀਆ (37) ਨਾਲ ਪਿਛਲੇ ਸਾਲ ਫਰਵਰੀ 'ਚ ਚੇਨਈ ਦੇ ਅਵਾੜੀ ਨੇੜੇ ਤਿਰੁਮੁਲਾਇਵਲ ਖੇਤਰ 'ਚ ਇਲਾਜ ਲਈ ਆਇਆ ਸੀ। ਉਸ ਨੂੰ ਲਗਾਤਾਰ ਇਲਾਜ ਦੀ ਲੋੜ ਸੀ। ਜਾਣਕਾਰੀ ਮੁਤਾਬਕ ਸੈਮੂਅਲ ਵੇਲੋਰ ਨਹੀਂ ਜਾ ਸਕਦੇ ਸੀ, ਇਸ ਲਈ ਉਹ ਇਲਾਜ ਲਈ ਵਾਰ-ਵਾਰ ਚੇਨਈ ਆਉਂਦੇ ਸੀ।
ਖਬਰਾਂ ਮੁਤਾਬਕ ਸੈਮੂਅਲ ਸ਼ੰਕਰ ਦਾ ਇਲਾਜ ਕਰ ਰਹੇ ਡਾਕਟਰ ਸੈਮੂਅਲ ਐਬੇਨੇਜ਼ਰ ਨੇ ਦੋਵਾਂ ਪਿਓ-ਧੀ ਨੂੰ ਆਪਣੇ ਨਿੱਜੀ ਅਪਾਰਟਮੈਂਟ 'ਚ ਕਿਰਾਏ ਦੇ ਮਕਾਨ 'ਚ ਰੱਖਿਆ ਸੀ। ਹਾਲਾਂਕਿ ਸੈਮੂਅਲ ਸ਼ੰਕਰ ਦੀ ਪਿਛਲੇ ਸਾਲ 6 ਸਤੰਬਰ ਨੂੰ ਮੌਤ ਹੋ ਗਈ ਸੀ। ਰਿਪੋਰਟ ਮੁਤਾਬਕ ਬੇਟੀ ਸਿੰਧੀਆ ਨੇ ਆਪਣੇ ਪਿਤਾ ਦੀ ਮੌਤ ਨੂੰ ਲੈ ਕੇ ਡਾਕਟਰ ਨਾਲ ਬਹਿਸ ਕੀਤੀ ਸੀ। ਦੋਵਾਂ ਵਿਚਾਲੇ ਬਹਿਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਿੰਧੀਆ ਦੇ ਸਿਰ 'ਤੇ ਸੱਟ ਲੱਗੀ ਅਤੇ ਉਸ ਦੀ ਮੌਤ ਹੋ ਗਈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਡਾਕਟਰ ਨੇ ਸੈਮੂਅਲ ਅਤੇ ਸਿੰਧੀਆ ਦੀਆਂ ਲਾਸ਼ਾਂ ਨੂੰ ਅੰਦਰ ਰੱਖ ਕੇ ਬਾਹਰੋਂ ਤਾਲਾ ਲਗਾ ਦਿੱਤਾ। ਉਹ ਸੜੀ ਹੋਈ ਲਾਸ਼ ਦੀ ਬਦਬੂ ਨੂੰ ਬਾਹਰ ਨਾ ਫੈਲਣ ਦੇਣ ਲਈ ਏਸੀ ਚਾਲੂ ਰੱਖਦਾ ਸੀ। ਦੋਸ਼ ਹੈ ਕਿ ਉਸ ਨੇ ਪਿਉ-ਧੀ ਦੀ ਮੌਤ ਨੂੰ ਪਿਛਲੇ 4-5 ਮਹੀਨਿਆਂ ਤੋਂ ਲੁਕਾ ਕੇ ਰੱਖਿਆ। ਕੁਝ ਦੇਰ ਬਾਅਦ ਗੁਆਂਢੀਆਂ ਨੂੰ ਡਾਕਟਰ ਦੇ ਘਰੋਂ ਗੰਦੀ ਬਦਬੂ ਆਉਣ ਲੱਗੀ। ਉਨ੍ਹਾਂ ਨੇ ਤੁਰੰਤ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ।
ਸੂਚਨਾ ਦੇ ਆਧਾਰ 'ਤੇ ਤਿਰੁਮੁਲਈਵਲ ਪੁਲਿਸ ਉੱਥੇ ਪਹੁੰਚੀ ਅਤੇ ਘਰ ਦੇ ਅੰਦਰੋਂ ਦੋ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀ। ਪੁਲਿਸ ਨੇ ਦੋਵੇਂ ਪਿਓ-ਧੀ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕਿਲਪੌਕ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕਤਲ ਕੇਸ ਸਬੰਧੀ ਮੁਲਜ਼ਮ ਤੋਂ 12 ਘੰਟੇ ਪੁੱਛਗਿੱਛ ਕੀਤੀ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਦੌਰਾਨ ਸਾਰੀ ਗੱਲ ਦੱਸ ਦਿੱਤੀ।
ਉਸ ਨੇ ਦੱਸਿਆ ਕਿ ਸੈਮੂਅਲ ਸ਼ੰਕਰ ਨਾਂ ਦਾ ਬਜ਼ੁਰਗ ਉਸ ਕੋਲੋਂ ਇਲਾਜ ਕਰਵਾ ਰਿਹਾ ਸੀ। ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੀ ਸੈਮੂਅਲ ਦੀ ਬੇਟੀ ਨਾਲ ਬਹਿਸ ਹੋ ਗਈ। ਉਸ ਨੇ ਸਮੂਏਲ ਦੀ ਧੀ ਨੂੰ ਜਾਨ ਤੋਂ ਮਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਡਾਕਟਰ ਸੈਮੂਅਲ ਏਬੇਨੇਜ਼ਰ ਦੇ ਖਿਲਾਫ ਕਤਲ ਅਤੇ ਸਬੂਤ ਛੁਪਾਉਣ ਦੀਆਂ ਦੋ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਡਾਕਟਰ ਨੂੰ ਅੰਬਤੂਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੁਜਾਲ ਜੇਲ੍ਹ ਭੇਜ ਦਿੱਤਾ ਗਿਆ।