ਚੰਡੀਗੜ੍ਹ:ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਲਈ ਰਵਾਨਾ ਹਨ। ਅੰਬਾਲਾ ਦੇ ਸ਼ੰਭੂ ਬਾਰਡਰ ਅਤੇ ਜੀਂਦ ਦੇ ਦਾਤਾ ਸਿੰਘ ਬਾਰਡਰ 'ਤੇ ਕਿਸਾਨ ਖੜ੍ਹੇ ਹਨ, ਜਿਸ ਕਾਰਨ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਤੋਪਾਂ ਦੇ ਨਾਲ-ਨਾਲ ਹੰਝੂ ਗੈਸ ਦੇ ਗੋਲੇ ਛੱਡੇ, ਇਥੋਂ ਤੱਕ ਕਿ ਰੱਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਤੇ ਡਰੋਨ ਰਾਹੀ ਹੰਝੂ ਗੈਸ ਦੇ ਬੰਬ ਸੁੱਟੇ ਗਏ। ਇਸ ਦੌਰਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਲਈ ਚੰਡੀਗੜ੍ਹ ਵਿੱਚ ਤੀਜੇ ਦੌਰ ਦੀ ਗੱਲਬਾਤ ਕੀਤੀ ਹੈ। ਇਹ ਮੀਟਿੰਗ ਪੰਜ ਘੰਟੇ ਤੋਂ ਵੱਧ ਚੱਲੀ ਹੋ ਦੇਰ ਰਾਤ ਨੂੰ ਖ਼ਤਮ ਹੋਈ ਹੈ। ਹੁਣ ਮੁੜ ਤੋਂ ਐਤਵਾਰ ਨੂੰ ਸ਼ਾਮ 6 ਵਜੇ ਮੀਟਿੰਗ ਕੀਤੀ ਜਾਵੇਗੀ।
ਮੀਟਿੰਗ 'ਚ ਇਹ ਲੋਕ ਰਹੇ ਸ਼ਾਮਲ:ਇਸ ਮੀਟਿੰਗ 'ਚ ਕਿਸਾਨ ਆਗੂਆਂ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ ਸੈਕਟਰ 26 ਚੰਡੀਗੜ੍ਹ ਵਿਖੇ ਗੱਲਬਾਤ ਕੀਤੀ ਗਈ। ਸਰਕਾਰ ਦੀ ਤਰਫੋਂ ਕੇਂਦਰੀ ਮੰਤਰੀ ਪਿਊਸ਼ ਗੋਇਲ, ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਗੱਲਬਾਤ ਲਈ ਪਹੁੰਚੇ ਸਨ। ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਹੋਰ ਕਿਸਾਨ ਆਗੂ ਗੱਲਬਾਤ ਲਈ ਮੀਟਿੰਗ 'ਚ ਸ਼ਾਮਲ ਹੋਏ ਸਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਦੇ ਨਾਲ-ਨਾਲ ਕਈ ਅਧਿਕਾਰੀ ਵੀ ਬੈਠਕ 'ਚ ਸ਼ਾਮਲ ਸਨ।
ਐਤਵਾਰ ਨੂੰ ਹੋਵੇਗੀ ਅਗਲੀ ਮੀਟਿੰਗ:ਇਸ ਦੌਰਾਨ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਤੇ ਪਿਊਸ਼ ਗੋਇਲ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ ਬਹੁਤ ਹੀ ਚੰਗੇ ਮਾਹੌਲ 'ਚ ਸਕਰਾਤਮਕ ਚਰਚਾ ਹੋਈ ਹੈ ਅਤੇ ਕਿਸਾਨ ਸੰਗਠਨਾਂ ਨੇ ਜਿੰਨ੍ਹਾਂ ਮੁੱਦਿਆਂ 'ਤੇ ਸਾਡਾ ਧਿਆਨ ਲਿਆਂਦਾ ਹੈ, ਉਸ ਦਾ ਨੋਟਿਸ ਲੈਂਦਿਆਂ ਅਸੀਂ ਕਿਸਾਨਾਂ ਨਾਲ ਮੀਟਿੰਗ ਦੀ ਅਗਲੀ ਤਰੀਕ ਐਤਵਾਰ ਸ਼ਾਮ 6 ਵਜੇ ਤੈਅ ਕੀਤੀ ਹੈ। ਜਿਸ 'ਚ ਅਗਲੀ ਚਰਚਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਸੀਂ ਸਭ ਮਿਲਜੁਲ ਸ਼ਾਂਤੀਪੂਰਨ ਮਸਲੇ ਦਾ ਹੱਲ ਲੱਭਾਂਗੇ, ਜਿਸ ਦੇ ਚੱਲਦੇ ਇਹ ਮੀਟਿੰਗ ਕੀਤੀ ਗਈ ਹੈ ਤੇ ਚੰਡੀਗੜ੍ਹ 'ਚ ਹੀ ਅਗਲੀ ਮੀਟਿੰਗ ਰੱਖੀ ਗਈ ਹੈ।
'ਸਕਰਾਤਮਕ ਹੋਈ ਤੀਜੇ ਦੌਰ ਦੀ ਮੀਟਿੰਗ':ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਗੱਲਬਾਤ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ 'ਚ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ 'ਚ ਇਹ ਤੀਜੀ ਮੀਟਿੰਗ ਹੈ। ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿਸ ਦੇ ਚੱਲਦੇ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਸੂਬਾ ਦਾ ਮੁਖੀ ਹੋਣ ਦੇ ਚੱਲਦੇ ਮੈਂ ਇਥੇ ਆਵਾਂ। ਉਨ੍ਹਾਂ ਕਿਹਾ ਕਿ ਹਰ ਵਿਸ਼ੇ 'ਤੇ ਅਤੇ ਹਰ ਮੁੱਦੇ 'ਤੇ ਵਿਸਥਾਰ ਨਾਲ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਸਕਰਾਤਮਕ ਗੱਲ ਹੋਈ ਹੈ ਤੇ ਇੰਨ੍ਹਾਂ ਮੁੱਦਿਆਂ 'ਤੇ ਕੀ ਹੋ ਸਕਦਾ ਹੈ ਤੇ ਕੀ ਨਹੀਂ ਹੋ ਸਕਦਾ ਹੈ, ਸਭ ਪਹਿਲੂਆਂ 'ਤੇ ਗੱਲ ਹੋਈ ਹੈ।
ਹਰਿਆਣਾ ਦੀ ਕਾਰਵਾਈ ਦਾ ਰੱਖਿਆ ਮੁੱਦਾ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨਾਲ ਜੁੜੇ ਮੁੱਦੇ ਉਨ੍ਹਾਂ ਚੁੱਕੇ ਹਨ, ਜਿਵੇਂ ਕਿ ਇੰਟਰਨੈਟ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਕੁਝ ਥਾਵਾਂ 'ਤੇ ਕੇਂਦਰ ਸਰਕਾਰ ਵਲੋਂ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਪੇਪਰ ਸ਼ੁਰੂ ਹਨ ਅਤੇ ਪੜ੍ਹਾਈ ਆਨਲਾਈਨ ਹੋ ਚੁੱਕੀ ਹੈ। ਜਿਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਬਾਰਡਰਾਂ 'ਤੇ ਬੈਠੇ ਹਨ, ਜੋ ਬਿਗਾਨੇ ਨਹੀਂ ਹਨ ਤੇ ਹਰਿਆਣਾ ਵਲੋਂ ਉਨ੍ਹਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ ਜੋ ਬਿਲਕੁਲ ਗਲਤ ਹੈ। ਉਨ੍ਹਾਂ ਅਜਿਹੇ ਵਰਤਾਅ ਦਾ ਮੁੱਦਾ ਵੀ ਚੁੱਕਿਆ ਹੈ। ਸੀਐਮ ਮਾਨ ਨੇ ਕਿਹਾ ਕਿ ਐਤਵਾਰ ਨੂੰ ਮੁੜ ਮੀਟਿੰਗ ਦਾ ਸਮਾਂ ਰੱਖਿਆ ਹੈ ਤੇ ਉਨ੍ਹਾਂ ਕੇਂਦਰ ਸਰਕਾਰ ਨੂੰ ਇਥੇ ਲਿਆਉਂਦਾ ਹੈ ਤੇ ਆਹਮੋ ਸਾਹਮਣੇ ਮੀਟਿੰਗ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਗੱਲ ਹੁੰਦੀ ਹੈ ਤਾਂ ਉਹ ਦੋਵਾਂ ਵਿੱਚ ਖੜੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਹੁਤ ਸਾਰੇ ਮੁੱਦਿਆਂ 'ਤੇ ਸਹਿਮਤੀ ਬਣੀ ਹੈ ਤੇ ਹੋਰ ਰਹਿੰਦੇ ਮੁੱਦਿਆਂ 'ਤੇ ਵੀ ਸਹਿਮਤੀ ਬਣੇਗੀ ਪਰ ਅਸੀਂ ਕੇਂਦਰੀ ਮੰਤਰੀਆਂ ਤੋਂ ਵੀ ਇਹ ਭਰੋਸਾ ਮੰਗਿਆ ਕਿ ਹਰਿਆਣਾ ਨਾਲ ਗੱਲ ਕਰਨ ਤੇ ਕਹਿਣ ਕਿ ਸ਼ਾਂਤੀ ਰੱਖਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਕੱਲ੍ਹ ਤੋਂ ਹੀ ਸ਼ਾਂਤੀ ਰੱਖੀ ਹੋਈ ਹੈ, ਜਦਕਿ ਹਰਿਆਣਾ ਵਾਲੇ ਪਾਸੇ ਤੋਂ ਪੰਜਾਬ 'ਚ ਡਰੋਨ ਭੇਜੇ ਜਾ ਰਹੇ ਤੇ ਹੰਝੂ ਗੈਸ ਦੇ ਬੰਬ ਸੁੱਟੇ ਜਾ ਰਹੇ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ।
ਸੂਬੇ ਦੇ ਲੋਕ ਨਾ ਹੋਣ ਪ੍ਰਭਾਵਿਤ: ਸੀਐਮ ਮਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਨਾਲ ਸਬੰਧਿਤ ਮਸਲਾ ਹੈ ਤਾਂ ਉਸ ਨੂੰ ਉਹ ਖੁਦ ਹੱਲ ਕਰਨਗੇ। ਮਾਨ ਦਾ ਕਹਿਣਾ ਕਿ ਮਸਲਾ ਗੱਲਬਾਤ ਨਾਲ ਹੱਲ ਹੋਵੇਗਾ ਤੇ ਉਨ੍ਹਾਂ ਨੂੰ ਕਹਿਣ 'ਚ ਕੋਈ ਹਰਜ਼ ਨਹੀਂ ਕਿ ਉਹ ਪੰਜਾਬ ਤੇ ਪੰਜਾਬੀਆਂ ਨਾਲ ਹਨ ਪਰ ਕਾਨੂੰਨ ਵਿਵਸਥਾ ਤੇ ਸਾਢੇ ਤਿੰਨ ਕਰੋੜ ਪੰਜਾਬੀਆਂ ਦੀਆਂ ਦਿੱਕਤਾਂ ਵੀ ਦੇਖਣੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਨਾ ਬਣ ਜਾਵੇ ਕਿ ਸਾਡੇ ਕੋਲ ਜ਼ਰੂਰੀ ਵਸਤਾਂ ਦੀ ਕਮੀ ਆ ਜਾਵੇ ਤੇ ਜੋ ਚੀਜਾਂ ਸੂਬੇ ਤੋਂ ਬਾਹਰੋਂ ਆਉਂਦੀਆਂ ਹਨ, ਉਨ੍ਹਾਂ ਦੀ ਕਮੀ ਨਾ ਆ ਜਾਵੇ। ਜਿਸ ਦਾ ਮੈਂ ਉਨ੍ਹਾਂ ਨੂੰ ਯਕੀਨ ਵੀ ਦਿਵਾਇਆ ਹੈ।
ਕਿਸਾਨੀ ਮਸਲਿਆਂ ਨੂੰ ਲੈਕੇ ਖੁੱਲ੍ਹ ਕੇ ਚਰਚਾ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੀਟਿੰਗ 'ਚ ਲਖੀਮਪੁਰ ਖੀਰੀ ਘਟਨਾ, ਕਿਸਾਨਾਂ 'ਤੇ ਅੰਦੋਲਨ ਦੌਰਾਨ ਦਰਜ ਪਰਚੇ ਰੱਦ ਕਰਨਾ, ਜਾਨ ਗੁਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਐਲਾਨ ਜੋ ਹੋਏ ਸੀ, ਇੰਨ੍ਹਾਂ ਸਾਰੇ ਮੁੱਦਿਆਂ 'ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਨਕਲੀ ਬੀਜਾਂ ਅਤੇ ਨਕਲੀ ਖਾਦਾਂ ਸਬੰਧੀ ਵਿਸਥਾਰ ਨਾਲ ਚਰਚਾ ਹੋਈ ਹੈ। ਜਿਸ 'ਚ ਨਕਲੀ ਦਵਾਈਆਂ ਬਣਾਉਣ ਵਾਲਿਆਂ 'ਤੇ ਸਖ਼ਤ ਐਕਸ਼ਨ ਦੀ ਮੰਗ ਹੋਈ ਹੈ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਮੁੜ ਤੋਂ ਮੀਟਿੰਗ ਹੋਣੀ ਹੈ, ਜਿਸ 'ਚ ਅਗਲਾ ਸਭ ਕੁਝ ਚਰਚਾ ਕੀਤਾ ਜਾਵੇਗਾ।
ਕਿਸਾਨਾਂ ਦੇ ਭੇਸ 'ਚ ਪ੍ਰਸ਼ਾਸਨ ਦਾ ਅਧਿਕਾਰੀ ਕਾਬੂ: ਇਸ ਮੌਕੇ ਬੋਲਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਦੇ ਜੋ ਤਿੰਨ ਮੰਤਰੀ ਆਏ ਸਨ, ਉਨ੍ਹਾਂ ਨਾਲ ਸਾਡੀ ਵਿਸਥਾਰ ਨਾਲ ਚਰਚਾ ਹੋਈ ਹੈ। ਇਹ ਚਰਚਾ ਹੋਣ ਤੋਂ ਪਹਿਲਾਂ ਜੋ ਉਥੇ ਹਾਲਾਤ ਬਣੇ, ਸਾਡੇ ਆਗੂਆਂ ਦੇ ਟਵਿਟਰ ਖਾਤੇ ਉਡਾ ਦਿੱਤੇ, ਫੇਸਬੁੱਕ ਪੇਜ ਬੰਦ ਕਰ ਦਿੱਤੇ, ਉਨ੍ਹਾਂ ਸਾਰੇ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਇਸ ਤੋਂ ਇਲਾਵਾ ਜੋ ਖਨੌਰੀ ਕਿਸਾਨਾਂ ਦੇ ਭੇਸ 'ਚ ਪ੍ਰਸ਼ਾਸਨ ਦਾ ਵਿਅਕਤੀ ਫੜ ਕੇ ਪ੍ਰਸ਼ਾਸਨ ਨੂੰ ਫੜਾਇਆ, ਜਿਸ 'ਤੇ ਉਨ੍ਹਾਂ ਕਿਹਾ ਕਿ ਉਸ ਅਧਿਕਾਰੀ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਸੋਸ਼ਲ ਮੀਡੀਆ ਪੇਜ ਵੀ ਚਲਵਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਰੇ ਕਿਸਾਨੀ ਮੁੱਦਿਆਂ 'ਤੇ ਚਰਚਾ ਹੋਈ ਹੈ, ਜੋ ਸਕਰਾਤਮਕ ਹੋਈ ਹੈ ਤੇ ਮੁੜ ਤੋਂ ਐਤਵਾਰ ਨੂੰ ਮੀਟਿੰਗ ਦਾ ਸਮਾਂ ਦੇ ਕੇ ਗਏ ਹਨ।
ਗੱਲਬਾਤ ਦਾ ਸੱਦਾ ਦੇ ਰਹੇ ਤੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਰਹੇ: ਇਸ ਮੌਕੇ 'ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਰੇ ਕਿਸਾਨੀ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਹੋਈ ਹੈ, ਜਿਸ 'ਚ ਅਸੀਂ ਜ਼ੋਰ ਦਿੱਤਾ ਕਿ ਇਹ ਸਿਰਫ਼ ਚਰਚਾ ਹੀ ਨਾ ਰਹਿ ਜਾਵੇ ਤੇ ਇਸ ਦੇ ਨਤੀਜੇ ਵੀ ਆਉਣ। ਉਨ੍ਹਾਂ ਕਿਹਾ ਕਿ ਕਿਸਾਨੀ ਮੁੱਦਿਆਂ 'ਤੇ ਚਰਚਾ ਹੋਈ ਤੇ ਨਾਲ ਹੀ ਉਨ੍ਹਾਂ ਨੂੰ ਹਰਿਆਣਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਵੀ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੰਤਰੀਆਂ ਨੂੰ ਦੱਸਿਆ ਕਿ ਇੱਕ ਪਾਸੇ ਤੁਸੀਂ ਗੱਲਬਾਤ ਰਾਹੀ ਮਸਲਾ ਹੱਲ ਕਰਨ ਦੀ ਗੱਲ ਕਰਦੇ ਹੋ ਤਾਂ ਦੂਜੇ ਪਾਸੇ ਸੋਸ਼ਲ ਮੀਡੀਆ ਖਾਤੇ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਰਧ ਸੁਰੱਖਿਆ ਸੈਨਾ ਵਲੋਂ ਕਿਸਾਨਾਂ 'ਤੇ ਹਮਲਾ ਕੀਤਾ ਜਾ ਰਿਹਾ ਤੇ ਕਈ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਅਸੀਂ ਕੋਈ ਪਾਕਿਸਤਾਨ ਤੋਂ ਆਏ ਲੋਕ ਨਹੀਂ, ਅਸੀਂ ਵੀ ਇਥੋਂ ਦੇ ਹੀ ਨਾਗਰਿਕ ਹਾਂ। ਉਨ੍ਹਾਂ ਕਿਹਾ ਕਿ ਸਾਡੇ ਦੋਵਾਂ ਪਾਸੇ ਬਾਰਡਰ ਬਣ ਚੁੱਕਿਆ ਹੈ।
ਹੱਲ ਨਾ ਹੋਇਆ ਦਿੱਲੀ ਕੂਚ ਕਰਾਂਗੇ: ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ 'ਚ ਕਾਫ਼ੀ ਮਾਹੌਲ ਉਪਰ ਹੇਠਾਂ ਵੀ ਹੋਇਆ ਤੇ ਗੱਲਬਾਤ ਕਰਨ ਲਈ ਬਾਹਰ ਵੀ ਨਿਕਲੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਇਸ ਮਸਲੇ ਦਾ ਸੁਖਦ ਹੱਲ ਕੱਢੇ ਤੇ ਕਿਸੇ ਵੀ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਨਾ ਬਣੇ। ਜੇ ਅਜਿਹਾ ਨਹੀਂ ਹੁੰਦਾ ਤਾਂ ਸਾਡਾ ਦਿੱਲੀ ਜਾਣ ਦਾ ਐਲਾਨ ਬਰਕਰਾਰ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੀਟਿੰਗ 'ਚ ਜੋ ਵੀ ਹੋਇਆ ਉਸ ਸਬੰਧੀ ਹੁਣ ਉਹ ਆਪਣੇ ਹੋਰ ਲੀਡਰਾਂ ਨਾਲ ਵਿਚਾਰ ਚਰਚਾ ਵੀ ਕਰਨਗੇ। ਇਸ ਦੇ ਨਾਲ ਹੀ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿਨ ਪਰ ਦਿਨ ਅੰਦੋਲਨ ਵੱਡਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਸਾਥ ਦੇਣ, ਕਿਉਂਕਿ ਇਹ ਖੇਤੀ ਦਾ ਮਸਲਾ ਹੈ। ਪੰਧੇਰ ਨੇ ਕਿਹਾ ਕਿ ਜੇ ਖੇਤੀ ਕਾਰਪੋਰੇਟ ਘਰਾਣਿਆਂ ਕੋਲ ਚੱਲ ਜਾਂਦੀ ਹੈ ਤਾਂ ਇਸ ਨਾਲ ਦੇਸ਼ ਦਾ ਭਲਾ ਨਹੀਂ ਹੋਵੇਗਾ।