ਨਵੀਂ ਦਿੱਲੀ: ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਸਥਿਤ ਆਈਏਐਸ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਹੋਈ ਦਰਦਨਾਕ ਮੌਤ 'ਤੇ ਦਿੱਲੀ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ। ਰਾਜਿੰਦਰ ਨਗਰ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਅਤੇ ਪਾਣੀ ਨਾਲ ਭਰੇ ਬੇਸਮੈਂਟ ਵਿੱਚ ਡੁੱਬਣ ਕਾਰਨ ਮਰਨ ਵਾਲੇ ਤਿੰਨ ਵਿਦਿਆਰਥੀਆਂ ਦੀ ਪਛਾਣ ਕਰ ਲਈ ਹੈ।
ਇਨ੍ਹਾਂ ਦੀ ਪਛਾਣ ਸ਼੍ਰੇਆ ਯਾਦਵ (ਅੰਬੇਦਕਰ ਨਗਰ, ਯੂਪੀ), ਤਾਨਿਆ ਸੋਨੀ (ਤੇਲੰਗਾਨਾ) ਅਤੇ ਨਵੀਨ ਡੇਲਵਿਨ (ਕੇਰਲਾ, ਏਰਨਾਕੁਲਮ) ਵਜੋਂ ਹੋਈ ਹੈ। ਇਹ ਜਾਣਕਾਰੀ ਦਿੱਲੀ ਪੁਲਿਸ ਦੇ ਕੇਂਦਰੀ ਜ਼ਿਲ੍ਹੇ ਦੇ ਡੀਸੀਪੀ ਐਮ ਹਰਸ਼ਵਰਧਨ ਨੇ ਐਤਵਾਰ ਨੂੰ ਦਿੱਤੀ।
ਡੀਸੀਪੀ ਐਮ ਹਰਸ਼ ਵਰਧਨ ਨੇ ਦੱਸਿਆ ਕਿ ਕੋਚਿੰਗ ਸੈਂਟਰ ਹਾਦਸੇ ਦੇ ਮਾਮਲੇ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 105, 106 (1), 152, 290 ਅਤੇ 35 ਦੇ ਤਹਿਤ ਰਾਜੇਂਦਰ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਐਫਆਈਆਰ ਕੋਚਿੰਗ ਸੈਂਟਰ, ਇਮਾਰਤ ਦੇ ਪ੍ਰਬੰਧਨ ਅਤੇ ਡਰੇਨੇਜ ਸਿਸਟਮ ਦੀ ਦੇਖਭਾਲ ਕਰਨ ਵਾਲੇ ਸਾਰੇ ਲੋਕਾਂ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ ਦਰਜ ਕੀਤੀ ਗਈ ਹੈ ਜੋ ਜਾਂਚ ਵਿੱਚ ਆਉਣਗੇ। ਦਿੱਲੀ ਪੁਲਿਸ ਨੇ ਫਿਲਹਾਲ ਇਮਾਰਤ ਦੇ ਮਾਲਕ ਅਤੇ ਕੋਆਰਡੀਨੇਟਰ ਸਮੇਤ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੂਰੇ ਮਾਮਲੇ ਉਤੇ ਕੀ ਬੋਲੇ ਡੀਸੀਪੀ:ਡੀਸੀਪੀ ਨੇ ਕਿਹਾ ਕਿ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਰਾਤ ਨੂੰ ਇੱਕ ਬਚਾਅ ਮੁਹਿੰਮ ਚਲਾਈ ਗਈ ਜਿਸ ਵਿੱਚ ਦਿੱਲੀ ਪੁਲਿਸ, ਦਿੱਲੀ ਫਾਇਰ ਸਰਵਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਸ਼ਾਮਲ ਸਨ। ਇਸ ਦੌਰਾਨ ਤਿੰਨ ਲਾਸ਼ਾਂ ਬਰਾਮਦ ਹੋਈਆਂ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕੱਲ੍ਹ ਸ਼ਨੀਵਾਰ ਨੂੰ ਰਾਉ ਦੇ ਆਈਏਐਸ ਸਟੱਡੀ ਸਰਕਲ ਦੀ ਬੇਸਮੈਂਟ ਵਿੱਚ ਕਰੀਬ 12 ਫੁੱਟ ਪਾਣੀ ਭਰ ਗਿਆ ਸੀ। ਬਰਸਾਤ ਅਤੇ ਡਰੇਨ ਦਾ ਪਾਣੀ ਭਰਨ ਕਾਰਨ ਕੋਚਿੰਗ ਸੈਂਟਰ ਦੀ ਲਾਇਬ੍ਰੇਰੀ ਵਿੱਚ ਤਿੰਨ ਵਿਦਿਆਰਥੀ ਫਸ ਗਏ ਸਨ, ਜਿਨ੍ਹਾਂ ਦੀਆਂ ਲਾਸ਼ਾਂ ਦੇਰ ਰਾਤ ਤੱਕ ਚੱਲੇ ਸਾਂਝੇ ਬਚਾਅ ਕਾਰਜ ਤੋਂ ਬਾਅਦ ਕੱਢੀਆਂ ਗਈਆਂ।