ਅੰਮ੍ਰਿਤਾ ਵੜਿੰਗ, ਕਾਂਗਰਸ ਆਗੂ ਬਠਿੰਡਾ: 2019 ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਚੁੱਕੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਦੀਆਂ 2024 ਦੀਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਦੀਆਂ ਫੇਰੀਆਂ ਨੇ ਨਵੀਂ ਸਿਆਸੀ ਚਰਚਾ ਛੇੜ ਦਿੱਤੀ ਹੈ। ਭਾਵੇਂ ਅੰਮ੍ਰਿਤਾ ਵੜਿੰਗ ਵੱਲੋਂ ਆਪਣੀਆਂ ਇਹਨਾਂ ਫੇਰੀਆਂ ਨੂੰ ਸਮਾਜਿਕ ਕਾਰਜਾਂ ਨਾਲ ਜੋੜਿਆ ਜਾ ਰਿਹਾ ਹੈ ਪਰ ਸਿਆਸੀ ਮਾਹਿਰਾਂ ਵੱਲੋਂ ਇਸ ਉੱਤੇ ਪਹਿਲਾਂ ਹੀ ਅੰਦਾਜੇ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਲੋਕ ਸਭਾ ਸੀਟ ਤੋਂ ਅਮ੍ਰਿਤਾ ਵੜਿੰਗ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਹਨ।
ਇੱਥੇ ਦੱਸਣ ਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ੲੜਿੰਗ 2019 ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਸਨ ਅਤੇ ਇਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਤਕੜੀ ਟੱਕਰ ਦਿੱਤੀ ਗਈ ਸੀ ਅਤੇ 39.3 ਪ੍ਰਤੀਸ਼ਤ ਵੋਟ ਪਈ ਸੀ। ਜਦੋਂ ਕਿ ਜੇਤੂ ਰਹੀ ਹਰਸਿਮਰਤ ਕੌਰ ਬਾਦਲ ਨੂੰ 41. 52ਪਤੀਸ਼ਤ ਵੋਟ ਪਈ ਸੀ ਅਤੇ ਅਮਰਿੰਦਰ ਸਿੰਘ ਰਾਜਾ ੲਰਿੰਗ ਕਰੀਬ 21 ਹਜਾਰ ਵੋਟਾਂ ਨਾਲ ਹਾਰ ਗਏ ਸਨ।
ਜੇਕਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕੁੱਲ ਨੌ ਵਿਧਾਨ ਸਭਾ ਹਲਕੇ ਹਨ। ਜਿਨ੍ਹਾਂ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦਾ ਲੰਬੀ ਹਲਕਾ ਬਠਿੰਡਾ ਦੇ ਛੇ ਵਿਧਾਨ ਸਭਾ ਹਲਕਿਆਂ ਵਿੱਚੋਂ ਹੈ। ਇਸ ਤੋਂ ਇਲਾਵਾ ਭੁੱਚੋ ਮੰਡੀ ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ ਤਲਵੰਡੀ ਸਾਬੋ, ਮੌੜ, ਮਾਨਸਾ ਦੇ ਬੁਢਲਾਡਾ ਸਰਦੂਲਗੜ੍ਹ ਅਤੇ ਮਾਨਸਾ ਸ਼ਹਿਰੀ ਵਿਧਾਨ ਸਭਾ ਹਲਕੇ ਸ਼ਾਮਿਲ ਹਨ। ਇਨਾ ਨੌ ਵਿਧਾਨ ਸਭਾ ਹਲਕਿਆਂ ਵਿੱਚ ਤਿੰਨ ਹਲਕੇ ਰਿਜ਼ਰਵ ਹਨ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹਨਾਂ ਨੌ ਹਲਕਿਆਂ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਹਨ।
ਬਠਿੰਡਾ ਲੋਕ ਸਭਾ ਸੀਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2009 ਤੋਂ ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਇਸ ਹਲਕੇ ਵਿੱਚ ਕਾਫੀ ਸਿਆਸੀ ਪਕੜ ਹੈ। ਬਾਦਲ ਪਰਿਵਾਰ ਵੱਲੋਂ ਅਕਸਰ ਹੀ ਬਠਿੰਡਾ ਹਲਕੇ ਨੂੰ ਆਪਣਾ ਪਰਿਵਾਰਕ ਹਲਕਾ ਦੱਸਿਆ ਜਾਂਦਾ ਹੈ। ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਾ ਵੜਿੰਗ ਦੀ ਭਾਵੇਂ ਹਲ ਤੱਕ ਉਹਨਾਂ ਵੱਲੋਂ ਕੋਈ ਵੀ ਚੋਣ ਨਹੀਂ ਲੜੀ ਗਈ ਪਰ 219 ਵਿੱਚ ਬਠਿੰਡਾ ਤੋਂ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਤੋਂ ਬਾਅਦ ਅੰਮ੍ਰਿਤਾ ਵੜਿੰਗ ਵੱਲੋਂ ਲੋਕ ਸਭਾ ਹਲਕੇ ਵਿੱਚ ਆਪਣੇ ਪਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਸੀ। ਰਾਜਨੀਤਕ ਅਤੇ ਸਮਾਜਿਕ ਮੁੱਦਿਆਂ ਉੱਤੇ ਚੰਗੀ ਪਕੜ ਰੱਖਣ ਵਾਲੀ ਅੰਮ੍ਰਿਤਾ ਵੜਿੰਗ ਦੀ ਬਠਿੰਡਾ ਫੇਰੀਆਂ ਨੇ ਇੱਕ ਵਾਰ ਫਿਰ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਨਵੀਂ ਚਰਚਾ ਛੇੜੀ ਹੋਈ ਹੈ।
ਬਠਿੰਡਾ ਦੇ ਵੱਖ-ਵੱਖ ਵਾਰਡਾਂ ਵਿੱਚ ਕਾਂਗਰਸ ਦੇ ਕੌਂਸਲਰਾਂ ਨੂੰ ਮਿਲਣ ਪਹੁੰਚੇ ਅੰਮ੍ਰਿਤਾ ਵੜਿੰਗ ਨੇ ਭਾਵੇਂ ਇਸ ਫੇਰੀ ਨੂੰ ਆਪਣੇ ਸਮਾਜ ਸੇਵੀ ਸੰਸਥਾ ਨਾਲ ਜੋੜ ਕੇ ਦੱਸਿਆ ਗਿਆ ਪਰ ਇਸ ਦੌਰਾਨ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ। ਉਹਨਾਂ ਪੰਜਾਬ ਦੀ ਸਿਆਸਤ ਉੱਤੇ ਗੱਲ ਕਰਦੇ ਹੋਏ ਵਿਧਾਨ ਸਭਾ ਸੈਸ਼ਨ ਦੀ ਕਾਰਗੁਜ਼ਾਰੀ ਨੂੰ ਨਿੰਦਣਯੋਗ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿਸਾਨ ਹਿਤੈਸ਼ੀ ਅਖਵਾਉਂਦੀ ਸੀ ਸਭ ਤੋਂ ਵੱਧ ਕਿਸਾਨ ਵਿਰੋਧੀ ਸਾਬਤ ਹੋਈ ਹੈ।
ਪੰਜਾਬ ਸਰਕਾਰ ਦੇ ਪੇਸ਼ ਕੀਤੇ ਬਜਟ ਵਿੱਚ ਲੋਕਾਂ ਲਈ ਕੁਝ ਵੀ ਨਹੀਂ ਰੱਖਿਆ। ਚੋਣਾਂ ਵੇਲੇ ਦਿੱਤੀਆਂ ਗਰੰਟੀਆਂ ਵੱਲ ਕੋਈ ਧਿਆਨ ਨਹੀਂ। ਨਸ਼ੇ ਨਾਲ ਜਵਾਨੀ ਮਰ ਰਹੀ ਹੈ ਔਰਤਾਂ 1000 ਰੁਪਏ ਪ੍ਰਤੀ ਮਹੀਨਾ ਉਡੀਕ ਰਹੀਆਂ ਹਨ। ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਪਰ ਮੁੱਖ ਮੰਤਰ ਇਹਨਾਂ ਮੁੱਦਿਆਂ ਉੱਤੇ ਜਵਾਬ ਦੇਣ ਦੀ ਬਜਾਏ ਵਿਰੋਧੀ ਧਿਰਾਂ ਉੱਤੇ ਤੰਜ ਕੱਸ ਕੇ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅੰਮ੍ਰਿਤ ਵੜਿੰਗ ਵੱਲੋਂ ਜਿਸ ਤਰ੍ਹਾਂ ਕਾਂਗਰਸੀ ਕੌਂਸਲਰਾਂ ਦੇ ਘਰ-ਘਰ ਜਾ ਕੇ ਲੋਕ ਮਿਲਣੀ ਕੀਤੀ ਜਾ ਰਹੀ ਹੈ ਉਸ ਤੋਂ ਸਾਫ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਲੈ ਕੇ ਇਹ ਸਰਗਰਮੀਆਂ ਆਰੰਭੀਆਂ ਗਈਆਂ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਕਾਂਗਰਸ ਵੱਲੋਂ ਅੰਮ੍ਰਿਤਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਜਾਂ ਨਹੀਂ।