ਨਵੀਂ ਦਿੱਲੀ:ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜਿਆ ਵਿਵਾਦ ਹੁਣ ਹੋਰ ਵੱਧਦਾ ਜਾ ਰਿਹਾ ਹੈ। ਸੁਤਰਾਂ ਮੁਤਾਬਿਕ ਕੇਂਦਰ ਨੇ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨਾਲ ਜੁੜੇ ਵਿਵਾਦ ਦੀ ਜਾਂਚ ਲਈ ਵੀਰਵਾਰ ਨੂੰ ਇੱਕ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੇ ਵਧੀਕ ਸਕੱਤਰ ਮਾਮਲੇ ਦੀ ਜਾਂਚ ਕਰਨਗੇ। ਦੱਸਣਯੋਗ ਹੈ ਕਿ 32 ਸਾਲਾ ਖੇਡਕਰ 'ਤੇ ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਅਹੁਦਾ ਹਾਸਲ ਕਰਨ ਲਈ ਸਰੀਰਕ ਅਪੰਗਤਾ ਸ਼੍ਰੇਣੀ ਅਤੇ ਹੋਰ ਪਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਕੋਟੇ ਦੇ ਤਹਿਤ ਮਿਲਣ ਵਾਲੀਆਂ ਕਈ ਸਹੁਲਤਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਉਸ ਨੂੰ ਧੱਕੇਸ਼ਾਹੀ ਦੇ ਇਲਜ਼ਾਮਾਂ ਕਾਰਨ ਸੋਮਵਾਰ ਨੂੰ ਪੂਨੇ ਤੋਂ ਵਾਸ਼ਿਮ ਤਬਦੀਲ ਕਰ ਦਿੱਤਾ ਗਿਆ ਸੀ।
ਸਰਾਕਾਰੀ ਸਹੁਲਤਾਂ ਦੀ ਦੁਰਵਰਤੋਂ ਦੇ ਦੋਸ਼ :ਵੀਰਵਾਰ ਨੂੰ ਉਨ੍ਹਾਂ ਨੇ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹਾ ਕੁਲੈਕਟਰ ਦਫ਼ਤਰ ਵਿੱਚ ਸਹਾਇਕ ਕੁਲੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ, ਪੁਣੇ ਪੁਲਿਸ ਨੇ ਕਿਹਾ ਕਿ ਉਹ ਵਿਵਾਦਤ ਆਈਏਐਸ ਅਧਿਕਾਰੀ ਦੀ ਨਿੱਜੀ ਕਾਰ 'ਤੇ ਲਾਲ-ਨੀਲੀ ਬੱਤੀ ਦੀ ਅਣਅਧਿਕਾਰਤ ਵਰਤੋਂ ਅਤੇ 'ਮਹਾਰਾਸ਼ਟਰ ਸਰਕਾਰ' ਦੇ ਸ਼ਿਲਾਲੇਖ ਦੀ ਪੂਰੀ ਤਰ੍ਹਾਂ ਜਾਂਚ ਕਰੇਗੀ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਡਕਰ ਦੁਆਰਾ ਵਰਤੀ ਗਈ ਔਡੀ ਕਾਰ ਇੱਕ ਨਿੱਜੀ ਕੰਪਨੀ ਦੇ ਨਾਂ 'ਤੇ ਰਜਿਸਟਰਡ ਸੀ ਅਤੇ ਵਾਹਨ ਦੇ ਖਿਲਾਫ ਚਲਾਨ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। 32 ਸਾਲਾ ਪ੍ਰੋਬੇਸ਼ਨਰੀ ਆਈਏਐਸ ਅਧਿਕਾਰੀ ਦਾ ਤਬਾਦਲਾ ਪੁਣੇ ਤੋਂ ਵਿਦਰਭ ਖੇਤਰ ਦੇ ਵਾਸ਼ਿਮ ਜ਼ਿਲ੍ਹੇ ਵਿੱਚ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੇ ਵੱਖਰੇ ਕੈਬਿਨ ਅਤੇ ਸਟਾਫ਼ ਵਰਗੀਆਂ ਮੰਗਾਂ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ।