ਕਲਕੱਤਾ: ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ‘ਚ ਰਾਮ ਨੌਮੀ ਦੇ ਦਿਨ ਹੋਈ ਹਿੰਸਾ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਕਲਕੱਤਾ ਹਾਈ ਕੋਰਟ ਨੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਸਖ਼ਤ ਹਦਾਇਤਾਂ ਦਿੰਦਿਆਂ ਹਾਈਕੋਰਟ ਨੇ ਕਿਹਾ ਕਿ ਅਦਾਲਤ ਉਨ੍ਹਾਂ ਹਲਕਿਆਂ ਵਿੱਚ ਲੋਕ ਸਭਾ ਚੋਣਾਂ ਦੀ ਇਜਾਜ਼ਤ ਨਹੀਂ ਦੇਵੇਗੀ ਜਿੱਥੇ ਰਾਮ ਨੌਮੀ ਵਾਲੇ ਦਿਨ ਫਿਰਕੂ ਹਿੰਸਾ ਹੋਈ ਸੀ। ਅਦਾਲਤ ਨੇ ਚੋਣ ਕਮਿਸ਼ਨ ਨੂੰ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਬਰਹਮਪੁਰ ਹਲਕੇ ਦੀਆਂ ਚੋਣਾਂ ਮੁਲਤਵੀ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਸੂਬਾ ਸਰਕਾਰ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਅਪ੍ਰੈਲ ਨੂੰ ਹੋਵੇਗੀ। ਦੱਸ ਦਈਏ ਕਿ ਮੁਰਸ਼ਿਦਾਬਾਦ ਮਾਮਲੇ ਦੀ NIA ਜਾਂਚ ਦੀ ਮੰਗ ਨੂੰ ਲੈ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ।
'ਅੱਠ ਘੰਟੇ ਤੱਕ ਸ਼ਾਂਤੀ ਨਾਲ ਨਹੀਂ ਮਨਾ ਸਕਦੇ ਆਪਣਾ ਤਿਉਹਾਰ':ਕਲਕੱਤਾ ਹਾਈਕੋਰਟ ਨੇ ਆਪਣੀ ਟਿੱਪਣੀ 'ਚ ਕਿਹਾ ਕਿ ਜੇਕਰ ਲੋਕ 8 ਘੰਟੇ ਸ਼ਾਂਤੀਪੂਰਵਕ ਕਿਸੇ ਤਿਉਹਾਰ ਦਾ ਆਨੰਦ ਅਤੇ ਜਸ਼ਨ ਨਹੀਂ ਮਨਾ ਸਕਦੇ ਤਾਂ ਅਦਾਲਤ ਚੋਣ ਕਮਿਸ਼ਨ ਨੂੰ ਉਨ੍ਹਾਂ ਹਲਕਿਆਂ 'ਚ ਜਿੱਥੇ ਫਿਰਕੂ ਹਿੰਸਾ ਹੋਈ ਹੈ, ਲੋਕ ਸਭਾ ਚੋਣਾਂ ਨਾ ਕਰਵਾਉਣ ਦੀ ਸਿਫਾਰਿਸ਼ ਕਰੇਗੀ। ਕਲਕੱਤਾ ਹਾਈ ਕੋਰਟ ਨੇ ਸਖ਼ਤ ਲਹਿਜੇ ਵਿੱਚ ਅੱਗੇ ਕਿਹਾ ਕਿ ਚੋਣਾਂ ਸਬੰਧੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਲੋਕਾਂ ਦੇ ਦੋ ਧੜੇ ਆਪਸ ਵਿੱਚ ਲੜ ਰਹੇ ਹਨ, ਇਸ ਲਈ ਅਜਿਹੀ ਸਥਿਤੀ ਵਿੱਚ ਇੱਕ ਦੂਜੇ ਨੂੰ ਆਪਣੇ ਨੁਮਾਇੰਦੇ ਨੂੰ ਵੋਟ ਦੇਣ ਦਾ ਕੋਈ ਅਧਿਕਾਰ ਨਹੀਂ ਹੈ।