ਡਿਬਰੂਗੜ੍ਹ/ਅਸਮ: ਡਿਬਰੂਗੜ੍ਹ ਸ਼ਹਿਰ ਵਿੱਚ ਅਚਾਨਕ ਆਏ ਹੜ੍ਹ ਕਾਰਨ ਲੋਕ ਚਿੰਤਤ ਹਨ। ਵੀਰਵਾਰ ਸਵੇਰੇ ਹੋਈ ਭਾਰੀ ਬਾਰਿਸ਼ ਤੋਂ ਬਾਅਦ ਜ਼ਿਆਦਾਤਰ ਸੜਕਾਂ ਪਾਣੀ 'ਚ ਡੁੱਬ ਗਈਆਂ ਹਨ। ਉਪਰਲੇ ਅਸਾਮ ਦੇ ਇਸ ਸ਼ਹਿਰ ਦੇ ਸਭ ਤੋਂ ਵਿਅਸਤ ਹਿੱਸਿਆਂ ਵਿੱਚੋਂ ਇੱਕ ਮਨਕੋਟਾ ਰੋਡ ਹੁਣ ਗੋਡੇ ਗੋਡੇ ਪਾਣੀ ਵਿੱਚ ਡੁੱਬੀ ਹੋਈ ਹੈ। ਵਸਨੀਕਾਂ ਨੇ ਦੋਸ਼ ਲਾਇਆ ਕਿ ਬ੍ਰਹਮਪੁੱਤਰ ਦੇ ਕੰਢੇ ਸਥਿਤ ਡਿਬਰੂਗੜ੍ਹ ਦਹਾਕਿਆਂ ਤੋਂ ਗੈਰ ਯੋਜਨਾਬੱਧ ਨਿਕਾਸੀ ਪ੍ਰਣਾਲੀ ਕਾਰਨ ਲਗਾਤਾਰ ਹੜ੍ਹਾਂ ਅਤੇ ਪਾਣੀ ਭਰਨ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।
ਡਿਬਰੂਗੜ੍ਹ ਦੇ ਵਸਨੀਕ ਪਰਿਮਲ ਬਨਿਕ ਨੇ ਕਿਹਾ ਕਿ ਹਰ ਸਾਲ ਮੁੱਖ ਤੌਰ 'ਤੇ ਖਰਾਬ ਨਿਕਾਸੀ ਪ੍ਰਣਾਲੀ ਕਾਰਨ ਪਾਣੀ ਭਰ ਜਾਂਦਾ ਹੈ। ਭਾਵੇਂ ਸਬੰਧਿਤ ਵਿਭਾਗ ਹਰ ਵਾਰਡ ਵਿੱਚ ਸੜਕਾਂ ਬਣਵਾ ਦਿੰਦਾ ਹੈ ਪਰ ਉਹ ਇਨ੍ਹਾਂ ਸੜਕਾਂ ਦੇ ਨਾਲ ਲੱਗਦੀਆਂ ਨਾਲੀਆਂ ਪੁੱਟਣ ਤੋਂ ਗੁਰੇਜ਼ ਕਰਦਾ ਹੈ। ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਡਿਬਰੂਗੜ੍ਹ ਟਾਊਨ ਪ੍ਰੋਟੈਕਸ਼ਨ (ਡੀ.ਟੀ.ਪੀ.) ਡਰੇਨ ਦੇ ਨੇੜੇ ਕੀਤੇ ਗਏ ਕਬਜ਼ਿਆਂ ਕਾਰਨ ਬਰਸਾਤੀ ਪਾਣੀ ਸ਼ਹਿਰ ਤੋਂ ਬਾਹਰ ਨਹੀਂ ਜਾ ਸਕਦਾ ਹੈ। ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ।