ਅੰਮ੍ਰਿਤਸਰ: ਅੱਜ ਇੱਕ ਸਨਾਤਨ ਧਰਮੀ ਵਫ਼ਦ ਪਾਕਿਸਤਾਨ ਤੋਂ ਕਈ ਭਾਰਤੀਆਂ ਦੀਆਂ ਅਸਥੀਆਂ ਲੈ ਕੇ ਭਾਰਤ ਪਹੁੰਚਿਆ। ਇਹ ਵਫ਼ਦ ਅਟਾਰੀ ਵਾਹਘਾ ਬਾਰਡਰ ਤੋਂ ਰੇਲ ਗੱਡੀ ਦੇ ਰਸਤੇ ਹਰਿਦੁਆਰ ਜਾ ਕੇ ਪੂਰੇ ਰੀਤੀ ਰਿਵਾਜਾਂ ਦੇ ਨਾਲ ਗੰਗਾ ਵਿੱਚ ਅਸਥੀਆ ਨੂੰ ਵਿਸਰਜਿਤ ਕਰੇਗਾ। ਇਸ ਵਾਰ 400 ਲੋਕਾਂ ਦੀਆਂ ਅਸਥੀਆਂ ਉਹ ਲੈ ਕੇ ਆਏ ਹਨ, ਜਿਸ ਵਿੱਚ 350 ਸਨਾਤਨ ਧਰਮ ਨਾਲ ਸਬੰਧਿਤ ਲੋਕਾਂ ਦੀਆਂ ਹਨ ਅਤੇ 50 ਸਿੱਖ ਪਰਿਵਾਰ ਨਾਲ ਸਬੰਧਿਤ ਹਨ। ਇਹ ਅਸਥੀਆਂ 2011 ਤੋਂ ਲੈ ਕੇ ਜਿੰਨੇ ਲੋਕਾਂ ਦੀ ਉੱਥੇ ਹੁਣ ਤੱਕ ਮੌਤ ਹੋਈ, ਉਨ੍ਹਾਂ ਦੀਆਂ ਹਨ।
30 ਦਿਨ ਦੇ ਵੀਜ਼ੇ ਉੱਤੇ ਆਇਆ ਪਰਿਵਾਰ
ਪਾਕਿਸਤਾਨ ਤੋਂ ਅਸਥੀਆਂ ਲੈ ਕੇ ਭਾਰਤ ਪਹੁੰਚੇ ਰਾਮਨਾਥ ਮਹਾਰਾਜ ਨੇ ਦੱਸਿਆ ਕਿ ਸਨਾਤਨ ਧਰਮ ਦੀ ਰੀਤੀ ਰਿਵਾਜ਼ ਦੇ ਅਨੁਸਾਰ ਇਹ ਸਾਰੀਆਂ ਅਸਥੀਆਂ ਗੰਗਾ ਮਈਆ ਵਿੱਚ ਵਿਸਰਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 15 ਦਿਨ ਪਹਿਲਾਂ ਅੰਤਿਮ ਰਸਮਾਂ ਮੁਤਾਬਿਕ ਦਿੱਲੀ ਦੇ ਨਿਗਮ ਘਾਟ ਉੱਤੇ ਪੂਜਾ ਕੀਤੀ ਜਾਵੇਗੀ। ਉਸ ਤੋਂ ਬਾਅਦ ਇਹ ਅਸਥੀਆਂ 21 ਫ਼ਰਵਰੀ ਨੂੰ ਸਤੀ ਘਾੜ ਅਤੇ ਗੰਗਾ ਵਿੱਚ ਵਿਸਰਜਿਤ ਕੀਤੀਆਂ ਜਾਣਗੀਆਂ।
ਕੋਈ ਸੜਕ ਹਾਦਸੇ ਦਾ ਸ਼ਿਕਾਰ ਹੋਇਆ, ਕਿਸੇ ਦੀ ਕੁਦਰਤੀ ਮੌਤ ਹੈ, ਕਈ ਬੱਚੇ ਹਨ ਅਤੇ ਕਈ ਪੁਰਾਣੇ ਸ਼ਹੀਦ ਹਨ, ਜਿਨ੍ਹਾਂ ਦੀਆਂ ਅਸਥੀਆਂ ਨਹੀਂ ਪਹੁੰਚ ਸਕੀਆਂ। ਉਹ ਸ਼ਰਾਧ ਪਿੱਤਰ ਸਮੇਂ ਅਸਥੀਆਂ ਪ੍ਰਵਾਹ ਕਰਨੀਆਂ ਸੀ ਪਰ ਸਾਨੂੰ ਉਸ ਸਮੇਂ ਵੀਜ਼ਾ ਨਹੀਂ ਮਿਲਿਆ। ਸਰਕਾਰ ਨੂੰ ਵੀ ਅਪੀਲ ਹੈ ਕਿ ਅਜਿਹੇ ਕੰਮ ਲਈ ਵੀਜ਼ਾ ਸਹੀ ਸਮੇਂ ਦਿੱਤਾ ਜਾਵੇ ਤਾਂ ਜੋ ਪਿੱਤਰ ਸ਼ਰਾਧ ਮੌਕੇ ਇਹ ਅੰਤਿਮ ਰਸਮ ਕੀਤੀ ਜਾ ਸਕੇ। ਇਸ ਤਰੀਕੇ ਨਾਲ ਤੀਜੀ ਵਾਰ ਭਾਰਤ ਅਸਥੀਆਂ ਲੈ ਕੇ ਪਹੁੰਚੇ ਹਾਂ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਮਰੇ ਭਾਰਤੀਆਂ ਦੀਆਂ ਅਸਥੀਆਂ ਭਾਰਤ ਲਿਆ ਕੇ ਗੰਗਾ ਵਿੱਚ ਪ੍ਰਵਾਹ ਕੀਤੀਆਂ ਗਈਆਂ ਸਨ।
- ਰਾਮਨਾਥ ਮਹਾਰਾਜ, ਪਾਕਿਸਤਾਨ ਤੋਂ ਅਸਥੀਆ ਲੈ ਕੇ ਆਏ