ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਹਿਰਾਜ ਮਲਿਕ ਦੀ ਜਿੱਤ ਨੇ ਪਾਰਟੀ ਲਈ ਨਵਾਂ ਅਧਿਆਏ ਖੋਲ੍ਹ ਦਿੱਤਾ ਹੈ। ਇਹ ਜਿੱਤ ਨਾ ਸਿਰਫ਼ ਉਨ੍ਹਾਂ ਦੀ ਨਿੱਜੀ ਪ੍ਰਾਪਤੀ ਹੈ, ਸਗੋਂ ਇਹ ਪਾਰਟੀ ਦੇ ਜੰਮੂ-ਕਸ਼ਮੀਰ 'ਚ ਦਾਖ਼ਲੇ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਪਹਿਲਾਂ ਆਮ ਆਦਮੀ ਪਾਰਟੀ ਸਿਰਫ਼ ਦਿੱਲੀ, ਪੰਜਾਬ, ਗੁਜਰਾਤ ਅਤੇ ਗੋਆ ਦੀਆਂ ਵਿਧਾਨ ਸਭਾਵਾਂ ਵਿੱਚ ਹੀ ਮੌਜੂਦ ਸੀ ਪਰ ਹੁਣ ਜੰਮੂ-ਕਸ਼ਮੀਰ ਦੀ ਰਾਜਨੀਤੀ ਵਿੱਚ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ।
AAP ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਲ 'ਤੇ ਮਹਿਰਾਜ ਮਲਿਕ ਨੂੰ ਵਧਾਈ ਦਿੰਦੇ ਹੋਏ ਕਿਹਾ, 'ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਖਿਲਾਫ ਸ਼ਾਨਦਾਰ ਚੋਣ ਲੜੀ ਹੈ ਅਤੇ ਹਰ ਕਿਸੇ ਨੂੰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਦੇ ਸਾਰੇ ਮੈਂਬਰਾਂ ਦੀ ਸਖ਼ਤ ਮਿਹਨਤ ਸਦਕਾ ਇਹ ਜਿੱਤ ਸੰਭਵ ਹੋਈ ਹੈ।" ਇਸ ਦੌਰਾਨ ਕੇਜਰੀਵਾਲ ਨੇ ਜੰਮੂ-ਕਸ਼ਮੀਰ ਦਾ ਦੌਰਾ ਕਰਨ ਦਾ ਸੱਦਾ ਵੀ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਉਹ ਜਲਦੀ ਹੀ ਉੱਥੇ ਜਾਣ ਦੀ ਯੋਜਨਾ ਬਣਾਉਣਗੇ।
ਮਲਿਕ ਨੇ ਇਸ ਮੌਕੇ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਅਗਵਾਈ ਤੋਂ ਪ੍ਰੇਰਿਤ ਹਨ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ, "ਦਿੱਲੀ ਵਿੱਚ ਜੋ ਬਦਲਾਅ ਆਇਆ ਹੈ, ਅਸੀਂ ਉਸ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ। ਸਾਨੂੰ ਜੰਮੂ-ਕਸ਼ਮੀਰ ਦੇ ਲੋਕਾਂ ਲਈ ਉਮੀਦ ਦੀ ਨਵੀਂ ਕਿਰਨ ਪੈਦਾ ਕਰਨੀ ਹੋਵੇਗੀ।"