ਨਵੀਂ ਦਿੱਲੀ: ਜੰਮੂ-ਕਸ਼ਮੀਰ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੱਲੋਂ ਦਿੱਤੇ ਗਏ ਭਾਸ਼ਣ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਜਿਹੇ ਬਿਆਨਾਂ ਨਾਲ ਦੇਸ਼ ਭਗਤ ਨਾਗਰਿਕਾਂ ਨੂੰ ਠੇਸ ਪਹੁੰਚਦੀ ਹੈ ਅਤੇ ਜਨਤਾ ਇਸ ਦਾ ਜਵਾਬ ਚੋਣਾਂ 'ਚ ਦੇਵੇਗੀ। ਉਨ੍ਹਾਂ ਦਾ ਨਾਂ ਲਏ ਬਿਨਾਂ ਕਾਂਗਰਸ ਦੀ ਸਾਬਕਾ ਕੌਮੀ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸੀ ਆਗੂ ਇਟਾਲੀਅਨ ਸੱਭਿਆਚਾਰ ਦੇ ਪ੍ਰਭਾਵ ਹੇਠ ਅਜਿਹੇ ਬਿਆਨ ਦੇ ਰਹੇ ਹਨ।
ਅਮਿਤ ਸ਼ਾਹ ਨੇ ਇੰਸਟਾਗ੍ਰਾਮ 'ਤੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਭਾਸ਼ਣ ਦਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, 'ਇਹ ਸੁਣ ਕੇ ਸ਼ਰਮ ਆਉਂਦੀ ਹੈ ਕਿ ਕਾਂਗਰਸ ਪਾਰਟੀ ਪੁੱਛ ਰਹੀ ਹੈ, 'ਕਸ਼ਮੀਰ ਨਾਲ ਕੀ ਵਾਸਤਾ ਹੈ?' ਮੈਂ ਕਾਂਗਰਸ ਪਾਰਟੀ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਹਰ ਰਾਜ ਅਤੇ ਨਾਗਰਿਕ ਦਾ ਜੰਮੂ-ਕਸ਼ਮੀਰ 'ਤੇ ਹੱਕ ਹੈ, ਜਿਵੇਂ ਜੰਮੂ-ਕਸ਼ਮੀਰ ਦੇ ਲੋਕਾਂ ਦਾ ਬਾਕੀ ਭਾਰਤ 'ਤੇ ਹੱਕ ਹੈ।