ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪੁਲਿਸ ਮੈਮੋਰੀਅਲ ਡੇ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਅਮਿਤ ਸ਼ਾਹ ਨੇ ਰਾਸ਼ਟਰੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਪੁਲਿਸ ਮੁਲਾਜ਼ਮਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਦੇਸ਼ 'ਚੋਂ ਅੱਤਵਾਦ ਅਤੇ ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਸੁਰੱਖਿਆ ਬਲ ਪਿਛਲੇ ਦਹਾਕੇ 'ਚ ਜੰਮੂ-ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ 'ਤੇ ਕਾਬੂ ਪਾਉਣ 'ਚ ਕਾਮਯਾਬ ਰਹੇ ਹਨ ਪਰ ਲੜਾਈ ਅਜੇ ਖਤਮ ਨਹੀਂ ਹੋਈ ਹੈ। ਇਸ ਦੌਰਾਨ ਗ੍ਰਹਿ ਮੰਤਰੀ ਨੇ ਪੁਲਿਸ ਦੀਆਂ ਕੁਰਬਾਨੀਆਂ ਦੀ ਹੈਰਾਨੀਜਨਕ ਗਿਣਤੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਦੇਸ਼ ਦੀ ਰੱਖਿਆ ਲਈ ਵੱਖ-ਵੱਖ ਬਲਾਂ ਦੇ 36,468 ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਇਹੀ ਕਾਰਨ ਹੈ ਕਿ ਸਾਡਾ ਦੇਸ਼ ਵਿਕਾਸ ਵਿੱਚ ਅੱਗੇ ਵੱਧ ਸਕਿਆ ਹੈ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ 2023 ਵਿੱਚ ਡਿਊਟੀ ਦੌਰਾਨ 216 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਆਪਣੀ ਜਾਨ ਗਵਾਈ।
ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ
ਸ਼ਾਹ ਨੇ ਕਿਹਾ ਕਿ ਅੱਜ ਅਸੀਂ ਸਾਰੇ ਦੇਸ਼ ਦੀ ਅੰਦਰੂਨੀ ਰੱਖਿਆ 'ਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਆਏ ਹਾਂ। ਇਹ ਜਵਾਨ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕੱਛ ਤੋਂ ਕਿਬਿਥੂ ਤੱਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ 21 ਅਕਤੂਬਰ 1959 ਨੂੰ ਸੀਆਰਪੀਐਫ ਦੇ 10 ਬਹਾਦਰ ਜਵਾਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਸ ਦਿਨ ਤੋਂ ਅਸੀਂ ਹਰ ਸਾਲ 21 ਅਕਤੂਬਰ ਨੂੰ ਪੁਲਿਸ ਯਾਦਗਾਰ ਦਿਵਸ ਵਜੋਂ ਮਨਾਉਂਦੇ ਆ ਰਹੇ ਹਾਂ। ਪੀਐੱਮ ਮੋਦੀ ਦੇ ਵਿਚਾਰਾਂ 'ਤੇ ਚੱਲਦਿਆਂ ਦਿੱਲੀ 'ਚ ਬਹਾਦਰ ਜਵਾਨਾਂ ਦੇ ਸਨਮਾਨ 'ਚ ਪੁਲਿਸ ਯਾਦਗਾਰ ਬਣਾਈ ਗਈ। ਇਹ ਦੇਸ਼ ਵਾਸੀਆਂ ਲਈ ਪ੍ਰੇਰਨਾ ਸਰੋਤ ਹੈ।
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ 21 ਅਕਤੂਬਰ ਨੂੰ ਪੁਲਿਸ ਮੈਮੋਰੀਅਲ ਡੇ ਮਨਾਇਆ ਜਾਂਦਾ ਹੈ। ਇਸ ਦਿਨ ਸ਼ਹੀਦ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਰਵਾਇਤੀ ਤੌਰ 'ਤੇ ਇਸ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਕਰਦੇ ਹਨ।