ਨਵੀਂ ਦਿੱਲੀ: ਅਮਰੀਕਾ ਤੋਂ ਕੱਢੇ ਗਏ 12 ਭਾਰਤੀਆਂ ਨੂੰ ਲੈ ਕੇ ਇੱਕ ਜਹਾਜ਼ ਐਤਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਡੋਨਾਲਡ ਟਰੰਪ ਪ੍ਰਸ਼ਾਸਨ ਦੀ ਕਾਰਵਾਈ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੇ ਫੈਸਲੇ ਤੋਂ ਬਾਅਦ ਇਹ ਚੌਥਾ ਜਹਾਜ਼ ਹੈ ਜੋ ਭਾਰਤੀਆਂ ਨੂੰ ਲੈ ਕੇ ਇੱਥੇ ਪਹੁੰਚਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਪਨਾਮਾ ਦੇ ਰਸਤੇ ਭਾਰਤ ਪਰਤੇ ਹਨ। ਇਨ੍ਹਾਂ ਵਿੱਚੋਂ ਚਾਰ ਪੰਜਾਬ ਦੇ ਹਨ। ਜਿਸ ਵਿੱਚ 2 ਗੁਰਦਾਸਪੁਰ ਤੋਂ, ਇੱਕ ਪਟਿਆਲਾ ਅਤੇ ਜਲੰਧਰ ਤੋਂ ਹੈ।
299 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ
ਅਮਰੀਕਾ ਵੱਲੋਂ ਲਗਭਗ 299 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਬਾਅਦ ਪਨਾਮਾ ਰਾਹੀਂ ਭਾਰਤ ਆਉਣ ਵਾਲਾ ਇਹ ਪਹਿਲਾ ਸਮੂਹ ਹੈ। ਉੱਤਰੀ ਅਮਰੀਕੀ ਦੇਸ਼ ਪਨਾਮਾ ਅਤੇ ਕੋਸਟਾ ਰੀਕਾ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ ਅਮਰੀਕਾ ਨਾਲ ਸਹਿਯੋਗ ਕਰ ਰਹੇ ਹਨ। ਇਸ ਦੇ ਜ਼ਰੀਏ ਅਮਰੀਕਾ ਵੱਖ-ਵੱਖ ਏਸ਼ੀਆਈ ਦੇਸ਼ਾਂ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜ ਰਿਹਾ ਹੈ।
ਇਸ ਤੋਂ ਪਹਿਲਾਂ 16 ਫਰਵਰੀ ਨੂੰ 112 ਭਾਰਤੀਆਂ ਨੂੰ ਲੈ ਕੇ ਅਮਰੀਕਾ ਦਾ ਤੀਜਾ ਹਵਾਈ ਜਹਾਜ਼ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ ਸੀ, ਜਿਸ ਵਿਚ ਪੰਜਾਬ ਦੇ 31 ਲੋਕ ਸਨ। ਇਸ ਤੋਂ ਇਲਾਵਾ ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਉੱਤਰਾਖੰਡ, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਨਾਗਰਿਕ ਸ਼ਾਮਲ ਸਨ। ਇਸ ਦੇ ਨਾਲ ਹੀ 15 ਫਰਵਰੀ ਨੂੰ ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਇਕ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ। ਜਿਸ ਵਿੱਚ ਪੰਜਾਬ ਦੇ ਕੁੱਲ 67 ਨੌਜਵਾਨ ਸ਼ਾਮਲ ਹੋਏ।ਟ
5 ਫਰਵਰੀ ਨੂੰ ਭਾਰਤ ਆਇਆ ਸੀ ਪਹਿਲਾ ਜਹਾਜ਼
ਭਾਰਤੀ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਤੋਂ ਪਹਿਲਾ ਜਹਾਜ਼ 5 ਫਰਵਰੀ ਨੂੰ ਭਾਰਤ ਆਇਆ ਸੀ, ਜਿਸ ਵਿੱਚ 104 ਭਾਰਤੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿੱਚ ਪੰਜਾਬ ਦੇ 30 ਅਤੇ ਹਰਿਆਣਾ ਅਤੇ ਗੁਜਰਾਤ ਦੇ 33-33 ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ 3 ਮਹਾਰਾਸ਼ਟਰ, 2 ਚੰਡੀਗੜ੍ਹ ਅਤੇ 2 ਉੱਤਰ ਪ੍ਰਦੇਸ਼ ਦੇ ਸਨ।
ਕਥਿਤ ਤੌਰ 'ਤੇ ਇਨ੍ਹਾਂ ਲੋਕਾਂ ਨੂੰ ਹੱਥਾਂ 'ਤੇ ਹਥਕੜੀਆਂ ਅਤੇ ਲੱਤਾਂ 'ਤੇ ਬੇੜੀਆਂ ਬੰਨ੍ਹ ਕੇ ਲਿਆਂਦਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਬਜਟ ਸੈਸ਼ਨ ਦੌਰਾਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ। ਇਸ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਕਾਰ ਇਹ ਯਕੀਨੀ ਬਣਾਉਣ ਲਈ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਕਿ ਵਾਪਸ ਭੇਜੇ ਜਾ ਰਹੇ ਭਾਰਤੀਆਂ ਨਾਲ ਬਦਸਲੂਕੀ ਨਾ ਹੋਵੇ।