ਲੁਧਿਆਣਾ:ਝੋਨੇ ਦੀ ਵਾਢੀ ਫਿਲਹਾਲ ਸ਼ੁਰੂ ਨਹੀਂ ਹੋਈ ਹੈ ਪਰ ਪੰਜਾਬ ਤੋਂ ਕੁੱਝ ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ ਹਨ। ਦੂਜੇ ਪਾਸੇ ਦਿੱਲੀ ਵੱਲੋਂ ਹਰ ਵਾਰ ਦੀ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਪਰਾਲੀ ਦਾ ਧੂਆਂ ਰਾਜਧਾਨੀ ਪਹੁੰਚ ਰਿਹਾ ਹੈ ਅਤੇ ਵਾਤਾਵਰਣ ਨੂੰ ਦੂਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਨੇ ਇਸ ਗੱਲ ਨੂੰ ਬਿਲਕੁਲ ਬੇਬਨਿਆਦ ਦੱਸਿਆ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਦੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ।
'ਪੰਜਾਬ ਦਾ ਧੂੰਆਂ ਨਹੀਂ ਜਾਂਦਾ ਦਿੱਲੀ' (ETV BHARAT (ਰਿਪੋਟਰ,ਲੁਧਿਆਣਾ)) ਪੰਜਾਬ ਦਾ ਧੂੰਆਂ ਨਹੀਂ ਪਹੁੰਚਦਾ ਦਿੱਲੀ
ਵੀਸੀ ਨੇ ਕਿਹਾ ਕਿ ਪੰਜਾਬ ਦੀ ਪਰਾਲੀ ਦਾ ਧੂੰਆਂ ਦਿੱਲੀ ਨਹੀਂ ਪਹੁੰਚ ਸਕਦਾ ਕਿਉਂਕਿ ਕਈ ਵਾਰ ਹਵਾ ਦੀ ਦਿਸ਼ਾ ਦਿੱਲੀ ਤੋਂ ਪੰਜਾਬ ਵੱਲ ਹੁੰਦੀ ਜਿਸ ਨੂੰ ਦੇਸੀ ਭਾਸ਼ਾਂ ਵਿੱਚ ਪੁਰੇ ਦੀ ਹਵਾ ਵੀ ਕਿਹਾ ਜਾਂਦਾ ਹੈ। ਇਸ ਲਈ ਸੰਭਵ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਵੱਲ ਆਵੇ ਨਾ ਕਿ ਪੰਜਾਬ ਤੋਂ ਪ੍ਰਦੂਸ਼ਣ ਦਿੱਲੀ ਜਾਵੇ। ਜੇਕਰ ਹਵਾ ਦੀ ਸਪੀਡ ਦੋ ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਤਾਂ ਕਿਸ ਤਰ੍ਹਾਂ ਜਾਂ ਕਿੰਨੇ ਸਮੇਂ ਵਿੱਚ ਧੂਆਂ ਦਿੱਲੀ ਪਹੁੰਚੇਗਾ ਕਿਉਂਕਿ ਦਿੱਲੀ ਪੰਜਾਬ ਤੋਂ 350 ਕਿਲੋਮੀਟਰ ਦੂਰ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਪ੍ਰਦੂਸ਼ਣ ਪੱਧਰ ਦਿੱਲੀ ਨਾਲੋਂ ਘੱਟ ਹੁੰਦਾ ਹੈ ਤਾਂ ਕਿਸ ਤਰ੍ਹਾਂ ਦਿੱਲੀ ਦੀ ਆਬੋ ਹਵਾ ਨੂੰ ਪੰਜਾਬ ਦਾ ਧੂੰਆਂ ਖਰਾਬ ਕਰ ਸਕਦਾ ਹੈ।
ਪਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ
ਵੀਸੀ ਮੁਤਾਬਿਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਂਦੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ। ਪਰਾਲੀ ਵਿੱਚ ਅਨੇਕਾਂ ਤੱਤ ਹੁੰਦੇ ਹਨ, ਜਿਸ ਤਰ੍ਹਾਂ ਫਾਸਫੋਰਸ, ਨਾਈਟ੍ਰੋਜਨ ਆਦਿ ਜੇਕਰ ਪਰਾਲੀ ਨੂੰ ਅੱਗ ਲਗਾਉਂਦੇ ਹਾਂ ਤਾਂ ਉਹ ਤੱਤ ਵੀ ਜਲ ਜਾਂਦੇ ਹਨ ਅਤੇ ਵੱਧ ਮਾਤਰਾ ਵਿੱਚ ਖਾਦਾਂ ਪਾਉਣੀਆਂ ਪੈਂਦੀਆਂ ਹਨ। ਪਰਾਲੀ ਨੂੰ ਅੱਗ ਲਾਉਣ ਦੇ ਨਾਲ ਵੱਡੇ ਨੁਕਸਾਨ ਹੁੰਦੇ ਹਨ। ਪੰਜਾਬ ਦੇ ਲੋਕਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ, ਡੰਗਰ ਪਸ਼ੂਆਂ ਉੱਪਰ ਵੀ ਅਸਰ ਪੈਂਦਾ ਹੈ। ਇੰਨਾ ਹੀ ਨਹੀਂ ਜੋ ਮਿੱਟੀ ਦੇ ਵਿੱਚ ਮਿੱਤਰ ਕੀੜੇ ਹੁੰਦੇ ਹਨ, ਉਹ ਵੀ ਨਸ਼ਟ ਹੋ ਜਾਂਦੇ ਹਨ।
ਤਰੀਕੇ ਨਾਲ ਵਰਤੋਂ ਪਰਾਲੀ ਨੂੰ ਬਣਾ ਸਕਦੀ ਹੈ ਸੋਨਾ
ਵੀਸੀ ਨੇ ਆਖਿਆ ਕਿ ਕਈ ਤਰੀਕੇ ਹਨ ਜਿਸ ਦੇ ਨਾਲ ਪਰਾਲੀ ਨੂੰ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਨਿਰਾ ਸੋਨਾ ਹੈ ਜੇਕਰ ਪਰਾਲੀ ਨੂੰ ਬਾਇਓਗੈਸ ਪਲਾਂਟਾਂ ਵਿੱਚ ਵਰਤਿਆ ਜਾਵੇ ਤਾਂ ਵੱਡਾ ਫਾਇਦਾ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਹੋ ਸਕਦਾ ਹੈ। ਵੀਸੀ ਪੀਏਯੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਰਾਲੀ ਜਲਾਉਣ ਦੇ ਕੇਸ ਬਿਲਕੁਲ ਜ਼ੀਰੋ ਹੋ ਜਾਣ ਪਰ ਇਹ ਜਾਦੂ ਨਹੀਂ ਹੈ। ਪਿਛਲੀ ਵਾਰ 50% ਕੇਸ ਘੱਟ ਆਏ ਸਨ ਅਤੇ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਕੇਸ ਹੋਰ ਵੀ ਘਟਣਗੇ।