ਸ੍ਰੀ ਫ਼ਤਹਿਗੜ੍ਹ ਸਾਹਿਬ: ਪੰਜਾਬ ਸਰਕਾਰ ਵਲੋਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਆੜ੍ਹਤੀਆਂ ਤੇ ਮਜਦੂਰਾਂ ਵਲੋਂ ਹੜਤਾਲ ਕਰਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਸਰਕਾਰ ਖਿਲਾਫ਼ ਮਾਰਕੀਟ ਕਮੇਟੀ ਦੇ ਗੇਟ ਅੱਗੇ ਨਾਅਰੇਬਾਜ਼ੀ ਕੀਤੀ ਗਈ ਅਤੇ ਬਾਅਦ ਵਿਚ ਇਕ ਮੰਗ ਪੱਤਰ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿਲੋਂ ਨੂੰ ਸੌਪਿਆ ਗਿਆ। ਇਸ ਹੜਤਾਲ ਦੌਰਾਨ ਸਰਹਿੰਦ ਅਨਾਜ ਮੰਡੀ ਖਾਲੀ ਨਜ਼ਰ ਆਈ।
ਆੜਤੀਆਂ ਦੀ ਹੜਤਾਲ ਕਾਰਨ ਸਰਹਿੰਦ ਮੰਡੀ ਖਾਲੀ (ETV BHARAT) ਆੜ੍ਹਤ 'ਚ ਵਾਧੇ ਦੀ ਮੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਤਰਸੇਮ ਲਾਲ ਉੱਪਲ ਨੇ ਦੱਸਿਆ ਕਿ ਏ.ਪੀ.ਐਮ.ਸੀ ਐਕਟ ਦੇ ਅਨੁਸਾਰ ਪੰਜਾਬ ਮੰਡੀ ਬੋਰਡ ਵਲੋਂ ਮੰਡੀਆ ਵਿਚ ਵਿਕਣ ਵਾਲੀ ਫ਼ਸਲ ਤੇ ਆੜ੍ਹਤ 2.5 ਪ੍ਰਤੀਸ਼ਤ ਮਿਲ ਰਹੀ ਸੀ ਜੋ ਕਿ 2018-19 ਤੋਂ 46 ਰੁਪਏ ਪ੍ਰਤੀ ਕੁਟਿੰੲਲ ਫਿਕਸ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਦੁਆਰਾ ਹਰ ਸਾਲ ਮੁਨੀਮ, ਸੇਵਾਦਾਰਾਂ ਤੇ ਹੋਰ ਮੁਲਾਜ਼ਮਾਂ ਦੀਆ ਤਨਖ਼ਾਹਾਂ ਚ ਵਾਧਾ ਕੀਤਾ ਜਾਦਾ ਹੈ, ਪਰ ਆੜ੍ਹਤ 'ਚ ਵਾਧਾ ਨਾ ਹੋਣਾ ਮੰਦਭਾਗਾ ਹੈ।
ਮਜ਼ਦੂਰਾਂ ਦੀ ਲਦਾਈ ਵਿਚ ਵੀ ਵਾਧਾ ਕਰੇ ਸਰਕਾਰ
ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਆੜ੍ਹਤ ਐਕਟ ਅਨੁਸਾਰ ਯਕੀਨੀ ਬਣਾਵੇ। ਆੜ੍ਹਤੀਆਂ ਨੇ ਕਿਹਾ ਕਿ ਮੰਡੀਆ 'ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਆੜ੍ਹਤੀਆਂ ਰਾਹੀ 1 ਰੁਪਏ 80 ਪੈਸੇ ਪ੍ਰਤੀ ਬੋਰੀ ਲਦਾਈ ਦਿੱਤੀ ਜਾਦੀ ਹੈ, ਜਦ ਕਿ ਸਾਡੇ ਗੁਆਢੀ ਸੂਬੇ ਹਰਿਆਣੇ 'ਚ 3 ਰੁਪਏ 23 ਪੈਸੇ ਬੋਰੀ ਦੇ ਹਿਸਾਬ ਨਾਲ ਲਦਾਈ ਦਿੱਤੀ ਜਾਦੀ ਹੈ। ਉਨ੍ਹਾਂ ਕਿਹਾ ਕਿ ਮੰਡੀਆਂ 'ਚ ਮਜ਼ਦੂਰਾਂ ਦੀ ਘਾਟ ਕਾਰਨ ਆੜ੍ਹਤੀਆਂ ਨੂੰ ਲਦਾਈ ਲਈ ਜਿਆਦਾ ਪੈਸੇ ਦੇਣੇ ਪੈਂਦੇ ਹਨ। ਇਸ ਲਈ ਸਰਕਾਰ ਮਜ਼ਦੂਰਾਂ ਦੀ ਲਦਾਈ ਵਿਚ ਵੀ ਵਾਧਾ ਕਰੇ।
ਜਲਦ ਮੰਗਾਂ ਹੱਲ ਹੋਣ ਦੀ ਭਰੋਸਾ
ਉਨ੍ਹਾਂ ਕਿਹਾ ਕਿ ਅਡਾਨੀ ਸਾਇਲੋ ਵਿਚ ਲਗਾਈ ਕਣਕ ਦੀ ਆੜ੍ਹਤ ਐਫ਼.ਸੀ.ਆਈ ਵਲੋਂ ਆੜ੍ਹਤੀਆਂ ਨੂੰ ਸਿਰਫ਼ 23 ਰੁਪਏ ਦਿੱਤੀ ਗਈ ਹੈ ਤੇ ਰਹਿੰਦੇ ਬਕਾਏ ਦੀ ਅਦਾਇਗੀ ਜਲਦੀ ਆੜ੍ਹਤੀਆਂ ਨੂੰ ਕੀਤੀ ਜਾਵੇ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਐਫ਼.ਸੀ.ਆਈ ਵਲੋਂ ਈ.ਪੀ.ਐਫ਼ ਦੇ ਨਾਮ 'ਤੇ 50 ਕਰੋੜ ਦੀ ਰਕਮ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੀ ਆੜ੍ਹਤੀਆਂ ਦੀ ਰੋਕੀ ਹੋਈ ਹੈ, ਜਿਸ ਦੀ ਅਦਾਇਗੀ ਵੀ ਜਲਦੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਸ਼ੈਲਰ ਮਾਲਕਾਂ ਵਿਚ ਚੱਲ ਰਹੇ ਵਿਵਾਦ ਦਾ ਹੱਲ ਵੀ ਸਰਕਾਰ ਵਲੋਂ ਜਲਦੀ ਕੀਤਾ ਜਾਵੇ ਤਾਂ ਜੋ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੰਡੀਆ 'ਚ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਚੇਅਰਮੈਨ ਢਿਲੋਂ ਵਲੋਂ ਆੜ੍ਹਤੀਆਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਸੂਬਾ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।