ਬਠਿੰਡਾ: ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬੀਤੇ ਦਿਨੀਂ ਐਲਾਨ ਕੀਤਾ ਗਿਆ ਸੀ। ਜਿਸ ਦੇ ਚੱਲਦੇ ਉਨ੍ਹਾਂ ਵਲੋਂ ਸੂਬੇ ਭਰ ਦੇ ਟੋਲ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਦੇ ਚੱਲਦੇ ਬਠਿੰਡਾ ਜ਼ਿਲ੍ਹੇ ਦੇ ਚਾਰ ਟੋਲ, ਜਿੰਨ੍ਹਾਂ 'ਚ ਬਠਿੰਡਾ ਮਲੋਟ ਰੋਡ 'ਤੇ ਟੋਲ ਪਲਾਜ਼ਾ ਬੱਲੂਆਣਾ, ਬਠਿੰਡਾ ਅੰਮ੍ਰਿਤਸਰ ਰੋਡ 'ਤੇ ਟੋਲ ਪਲਾਜ਼ਾ ਜੀਦਾ, ਬਠਿੰਡਾ ਬਰਨਾਲਾ ਰੋਡ 'ਤੇ ਟੋਲ ਪਲਾਜ਼ਾ ਲਹਿਰਾ ਬੇਗਾ ਅਤੇ ਰਾਮਾ ਰਾਮਪੁਰਾ ਰੋਡ 'ਤੇ ਟੋਲ ਪਲਾਜ਼ਾ ਸੇਖਪੁਰਾ ਮੁਫ਼ਤ ਕਰ ਦਿੱਤੇ ਗਏ ਹਨ।
ਟੋਲ ਮੁਫ਼ਤ ਤੇ ਲੀਡਰਾਂ ਦੇ ਘਰ ਅੱਗੇ ਧਰਨਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 'ਆਪ' ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਦਿਨੇ ਰਾਤ ਜਾਰੀ ਰੱਖੇ ਜਾਣਗੇ। ਇਨ੍ਹਾਂ ਮੰਗਾਂ ਵਿੱਚ ਝੋਨੇ ਦੀ ਐੱਮਐੱਸਪੀ 'ਤੇ ਨਿਰਵਿਘਨ ਖ੍ਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ 'ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ, ਸਰਕਾਰੀ ਸਿਫਾਰਿਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ.ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਅਤੇ ਐੱਮਐੱਸਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ ਕਰਨ, ਬਾਸਮਤੀ ਦਾ ਲਾਭਕਾਰੀ ਐੱਮਐੱਸਪੀ ਮਿੱਥਣ ਅਤੇ ਹੁਣ ਪਿਛਲੇ ਸਾਲ ਵਾਲੇ ਔਸਤ ਰੇਟ 'ਤੇ ਖ੍ਰੀਦ ਕਰਨ ਸਮੇਤ ਹੁਣ ਤੱਕ ਪੈ ਚੁੱਕੇ ਘਾਟੇ ਦੀ ਕਮੀ ਪੂਰਤੀ ਕਰਨ ਦੀਆਂ ਮੰਗਾਂ ਹਨ।